ਫ਼ਤਿਹਗੜ੍ਹ ਸਾਹਿਬ : ਇਤਿਹਾਸਿਕ ਧਰਤੀ ਸ੍ਰੀ ਫ਼ਤਿਹਗੜ੍ਹ ਸਾਹਿਬ ਜਿੱਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਨਤਮਸਤਕ ਹੋਣ ਪੁੱਜਦੇ ਹਨ ਅਤੇ ਇੱਥੇ ਪਹੁੰਚ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਇਤਿਹਾਸ ਨਾਲ ਰੂਬਰੂ ਹੁੰਦੇ ਹਨ।
ਇਸ ਇਤਿਹਾਸ ਵਿੱਚ ਕੁਝ ਨਾਂਅ ਅਜਿਹੇ ਵੀ ਹਨ ਜਿਨ੍ਹਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ ਚਾਹੇ ਉਹ ਮਾਲੇਰਕੋਟਲੇ ਦੇ ਨਵਾਬ ਹੋਣ ਜਾਂ ਫਿਰ ਦੀਵਾਨ ਟੋਡਰ ਮੱਲ ਇਸ ਦੇ ਇਲਾਵਾ ਇਸ ਕਥਾ ਵਿੱਚ ਬਾਬਾ ਮੋਤੀ ਰਾਮ ਮਹਿਰਾ ਨੂੰ ਭੁਲਾਇਆ ਨਹੀਂ ਜਾ ਸਕਦਾ ਜਿਨ੍ਹਾਂ ਦਾ ਨਾਂ ਵੀ ਸੁਨੇਹਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ। ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਤੱਕ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਸੀ।
ਬਾਬਾ ਮੋਤੀ ਰਾਮ ਮਹਿਰਾ ਇੱਕ ਛੋਟਾ ਅਤੇ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ ਜਿਨ੍ਹਾਂ ਦੀ ਡਿਊਟੀ ਨਵਾਬ ਵਜ਼ੀਰ ਖ਼ਾਨ ਦੇ ਕੈਦੀਆਂ ਨੂੰ ਭੋਜਨ ਖਵਾਉਣ ਦੀ ਲਗਾਈ ਗਈ ਸੀ। 27 ਦਸੰਬਰ 1704 ਨੂੰ ਦੋਵੇਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਨੁੰ ਸ਼ਹੀਦ ਕੀਤਾ ਗਿਆ ਸੀ ਅਤੇ ਮਾਤਾ ਗੁਜਰੀ ਨੇ ਵੀ ਸਮਾਧੀ ਲਾ ਕੇ ਆਪਣੇ ਪ੍ਰਾਣ ਤਿਆਗ ਦਿੱਤੇ ਸਨ।
ਇਸ ਤੋਂ ਬਾਅਦ ਕਿਸੇ ਤਰ੍ਹਾਂ ਨਵਾਬਾਂ ਨੂੰ ਪਤਾ ਲੱਗਿਆ ਕਿ ਬਾਬਾ ਮੋਤੀ ਰਾਮ ਮਹਿਰਾ ਨੇ ਕੈਦੀਆਂ ਦੀ ਦੁੱਧ ਅਤੇ ਪਾਣੀ ਦੇ ਨਾਲ ਸੇਵਾ ਕੀਤੀ ਸੀ। ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੀ ਮਾਤਾ, ਪਤਨੀ ਅਤੇ ਇੱਕ ਛੋਟੇ ਪੁੱਤਰ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਗਿਆ। ਬਾਬਾ ਮੋਤੀ ਰਾਮ ਮਹਿਰਾ ਨੇ ਆਪਣੇ ਕਿੱਤੇ ਨੂੰ ਲੁਕਾਉਣ ਦਾ ਯਤਨ ਨਹੀਂ ਕੀਤਾ ਅਤੇ ਦੇਰੀ ਦੇ ਨਾਲ ਕਿਹਾ ਕਿ ਕੈਦੀ ਬੱਚਿਆਂ ਤੇ ਉਨ੍ਹਾਂ ਦੀ ਦਾਦੀ ਦੀ ਸੇਵਾ ਕਰਨਾ ਉਸ ਦੀ ਪਵਿੱਤਰ ਡਿਊਟੀ ਸੀ। ਜਿਸਦੇ ਬਾਅਦ ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ ਨੂੰ ਕੋਹਲੂ ਵਿੱਚ ਪਿਸਵਾ ਦੇਣ ਦੀ ਸਜ਼ਾ ਸੁਣਾਈ ਗਈ ਸੀ ।