ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਤਾਰ ਸਿੰਘ ਪੰਜੋਲੀ ਨੇ ਸਿੱਖ ਬੱਚਿਆਂ ਨਾਲ ਨਵੇਂ ਕਾਨੂੰਨ ਤਹਿਤ ਹੋ ਰਹੇ ਧੱਕੇ ਦੇ ਬਾਬਤ ਠੋਸ ਫ਼ੈਸਲਾ ਲੈਣ ਲਈ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ।
ਰੈਫ਼ਰੰਡਮ 2020 ਦੇ ਨਾਂਅ 'ਤੇ ਸਿੱਖਾਂ ਨਾਲ ਹੋ ਰਹੇ ਧੱਕੇ ਖ਼ਿਲਾਫ਼ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ ਪੰਜੋਲੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਸਿੱਖਾਂ 'ਤੇ ਹੋ ਰਹੀਆਂ ਵਧੀਕੀਆਂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਪੰਥਕ ਹਿਤੈਸ਼ੀਆਂ ਦੀ ਇੱਕ ਹੰਗਾਮੀ ਮੀਟਿੰਗ ਸੱਦੀ ਜਾਵੇ ਤਾਂ ਜੋ ਸਿੱਖਾਂ 'ਤੇ ਹੋ ਰਹੇ ਅੱਤਿਆਚਾਰ ਦਾ ਨਿਸ਼ਾਨਾ ਬਣ ਰਹੇ ਸਿੱਖਾਂ ਲਈ ਠੋਸ ਫ਼ੈਸਲੇ ਲਏ ਜਾਣ ।
ਉਨ੍ਹਾਂ ਸੌਂਪੇ ਗਏ ਪੱਤਰ ਵਿੱਚ ਕਿਹਾ ਕਿ ਰੈਫਰੈਂਡਮ 2020 ਤੇ ਖ਼ਾਲਿਸਤਾਨ ਦੇ ਬਹਾਨੇ ਸਿੱਖ ਨੌਜਵਾਨਾਂ ਦੀ ਫੜੋਫੜੀ ਤੇ ਥਾਣਿਆਂ ਵਿਚ ਲਗਾਤਾਰ ਜ਼ਲੀਲ ਕਰਨ ਦੀਆਂ ਖ਼ਬਰਾਂ ਦਿਨੋ-ਦਿਨ ਵਧ ਰਹੀਆਂ ਹਨ।
ਪੰਜੋਲੀ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਅਜੇ ਵੀ ਜ਼ਬਰ ਜਾਰੀ ਹੈ ਤੇ ਚੁਣ-ਚੁਣ ਕੇ ਉਨ੍ਹਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਹੜੇ ਪੰਥਕ ਸਰਗਰਮੀਆਂ ਵਿੱਚ ਸ਼ਮੂਲੀਅਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਇਹ ਗੱਲ ਲੁਕੀ-ਛਿਪੀ ਨਹੀਂ ਕਿ ਅਸਲ ਨਿਸ਼ਾਨਾ ਤਾਂ ਸਿੱਖਾਂ ਵਿੱਚ ਦਹਿਸ਼ਤ ਫ਼ੈਲਾਉਣ ਦਾ ਹੈ ਤਾਂ ਕਿ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ ਹਰੇਕ ਸਿੱਖ ਨੂੰ ਇਹ ਖ਼ਦਸ਼ਾ ਡਰਾਈ ਰੱਖੇ ਕਿ ਪਤਾ ਨਹੀਂ ਉਨ੍ਹਾਂ ਨੂੰ ਕਦੇ ਕਿਸੇ ਬਹਾਨੇ ਥਾਣੇ ਸੱਦ ਕੇ ਝੂਠਾ ਕੇਸ ਪਾ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਧੱਕ ਦਿਤਾ ਜਾਵੇਗਾ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਵੱਲੋਂ ਸੌਂਪੇ ਗਏ ਪੱਤਰ 'ਤੇ ਸਹਿਮਤੀ ਪ੍ਰਗਟ ਕੀਤੀ ਗਈ ਹੈ।