ਸ੍ਰੀ ਫਤਿਹਗੜ੍ਹ ਸਾਹਿਬ: ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਤ ਸ਼ਹੀਦ ਜੋੜ ਮੇਲ ਦੀ ਸ਼ੁਰੂਆਤ ਸ੍ਰੀ ਫਤਿਹਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ ਉੱਤੇ ਹੋ ਚੁੱਕੀ ਹੈ। ਇਸ ਜੋੜਮੇਲ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੋਈ।
ਇਸ ਦੌਰਾਨ ਭਾਰੀ ਗਿਣਤੀ ਵਿੱਚ ਸ਼ਰਧਾਲੂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਪਹੁੰਚ ਰਹੇ ਹਨ। ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ 9 ਸਾਲ ਅਤੇ ਬਾਬਾ ਫਤਿਹ ਸਿੰਘ ਜੀ ਨੇ 7 ਸਾਲ ਦੀ ਉਮਰ ਵਿੱਚ ਆਉਣ ਵਾਲੀ ਪੀੜ੍ਹੀ ਨੂੰ ਧਰਮ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੰਦੇ ਹੋਏ ਆਪਣੀ ਸ਼ਹਾਦਤ ਦਿੱਤੀ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਭੋਰਾ ਸਾਹਿਬ ਦੀਆਂ ਦੀਵਾਰਾਂ ਅੱਜ ਵੀ ਉਨ੍ਹਾਂ ਦੀ ਸ਼ਹਾਦਤ ਦੀ ਗਵਾਹੀ ਦਿੰਦੀਆਂ ਹਨ ਜੋ ਇੱਥੇ ਨਤਮਸਤਕ ਹੋਣ ਵਾਲਿਆਂ ਨੂੰ ਇੱਕ ਸੁਨੇਹਾ ਦਿੰਦੀਆਂ ਹਨ।
ਉਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਦੀ ਇਤਿਹਾਸਿਕ ਧਰਤੀ ਉੱਤੇ ਹਰ ਸਾਲ ਸ਼ਹੀਦੀ ਸਭਾ ਹੁੰਦੀ ਹੈ। ਇਸ ਸ਼ਹੀਦੀ ਸਭਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਆ ਰਹੀ ਹੈ।