ਫਤਿਹਗੜ੍ਹ ਸਾਹਿਬ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿਆਸਤ ਭੱਖਦੀ ਜਾ ਰਹੀ ਹੈ ਜਿਸ ਨੂੰ ਦੇਖਦੇ ਹੋਏ ਵੱਖ-ਵੱਖ ਪਾਰਟੀਆਂ ਵੱਲੋਂ ਬਾਦਲਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਯੂਥ ਵਿੰਗ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਸੁਮੇਧ ਸਿੰਘ ਸੈਣੀ ਦੇ ਟਿਕਾਣੇ ਬਾਰੇ ਦੱਸੇਗਾ, ਉਸ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਸੈਣੀ ਦੀ ਗੁਮਸ਼ੁਦਗੀ ਦੇ ਲੱਗੇ ਪੋਸਟਰ, ਇਤਲਾਹ ਦੇਣ ਵਾਲੇ ਨੂੰ ਮਿਲੇਗਾ 1 ਲੱਖ ਦਾ ਇਨਾਮ - fatehgarh sahib news
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਦੇ ਮੀਤ ਪ੍ਰਧਾਨ ਵਰਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਜਿਹੜਾ ਵਿਅਕਤੀ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਇਤਲਾਹ ਦੇਵੇਗਾ, ਉਸ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਵਰਿੰਦਰ ਸਿੰਘ ਨੇ ਕਿਹਾ ਕਿ ਸੁਮੇਧ ਸੈਣੀ ਨੂੰ ਬਾਦਲ ਪਰਿਵਾਰ ਸ਼ਰਨ ਦੇ ਰਿਹਾ ਹੈ ਤੇ ਉਨ੍ਹਾਂ ਦੇ ਮੁਤਾਬਕ ਸੁਮੇਧ ਸੈਣੀ ਸੁਖਬੀਰ ਸਿੰਘ ਬਾਦਲ ਦੇ ਸਾਲਾਸਰ ਵਿਖੇ ਫ਼ਾਰਮ ਹਾਊਸ ਵਿੱਚ ਸ਼ਰਨ ਲੈ ਰਿਹਾ ਹੈ। ਇਸ ਫ਼ਾਰਮ ਹਾਊਸ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਨ੍ਹਾਂ ਦੀ ਸੇਵਾ ਕਰ ਰਹੇ ਹਨ।
ਸੋਖੋਂ ਨੇ ਕਿਹਾ ਕਿ ਉਹ ਪੁਲਿਸ ਤੋਂ ਮੰਗ ਕਰਦੇ ਹਨ ਕਿ ਸੁਖਬੀਰ ਬਾਦਲ ਦੇ ਫ਼ਾਰਮ ਹਾਊਸ ਵਿੱਚ ਛਾਪੇਮਾਰੀ ਕਰਕੇ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੀ ਸ਼ਹਿ 'ਤੇ ਹੀ ਸੁਮੇਧ ਸੈਣੀ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ। ਸੈਣੀ ਵੱਲੋਂ ਬੇਕਸੂਰ ਨੌਜਵਾਨਾਂ ਨੂੰ ਮਾਰਿਆ ਗਿਆ ਹੈ ਜਿਸ ਦਾ ਇਨਸਾਫ਼ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਸੁਮੇਧ ਸੈਣੀ ਦੇ ਭਗੌੜਾ ਹੋਣ ਕਰਕੇ ਫਤਿਹਗੜ੍ਹ ਸਾਹਿਬ ਵਿਖੇ ਸੈਣੀ ਦੇ ਪੋਸਟਰ ਵੀ ਲਾਏ ਗਏ ਹਨ। ਇਸ ਦੇ ਨਾਲ ਹੀ ਕਿਹਾ ਗਿਆ ਕਿ ਸੈਣੀ ਦੀ ਇਤਲਾਹ ਦੇਣ ਵਾਲੇ ਨੂੰ 1 ਲੱਖ ਦਾ ਇਨਾਮ ਦਿੱਤਾ ਜਾਵੇਗਾ ਤੇ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।