ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਸੂਬੇ ਭਰ 'ਚ ਰੁਜ਼ਗਾਰ ਮੇਲੇ ਕਰਵਾਏ ਜਾ ਰਹੇ ਹਨ। ਇਸੇ ਤਹਿਤ ਸ਼ਨੀਵਾਰ ਨੂੰ ਖੰਨਾ ਦੇ ਇੱਕ ਨਿੱਜੀ ਵਿਦਿਆਕ ਅਦਾਰੇ 'ਚ ਵੀ ਰੁਜ਼ਗਾਰ ਮੇਲੇ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ 100 ਤੋਂ ਵੀ ਜ਼ਿਆਦਾ ਕੰਪਨੀਆਂ ਨੇ ਹਿੱਸਾ ਲਿਆ।
ਖੰਨਾ 'ਚ ਲਗਾਇਆ ਗਿਆ ਰੁਜ਼ਗਾਰ ਮੇਲਾ ਇਸ ਰੁਜ਼ਗਾਰ ਮੇਲੇ ਦਾ ਉਦਘਾਟਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕੀਤਾ। ਇਸ ਦੌਰਾਨ ਰੁਜ਼ਗਾਰ ਮੇਲੇ 'ਚ ਸ਼ਮੂਲਿਅਤ ਕਰਨ ਪੁੱਜੇ ਕਾਂਗਰਸੀ ਨੇਤਾਵਾਂ ਨੇ ਇਸ ਮੇਲੇ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਸਰਕਾਰ ਦਾ ਚੰਗਾ ਕਦਮ ਦੱਸਿਆ।
ਉੱਧਰ ਰੁਜ਼ਗਾਰ ਮੇਲੇ 'ਚ ਹਿੱਸਾ ਲੈਣ ਪੁੱਜੇ ਨੌਜਵਾਨਾਂ ਨੇ ਇਸ ਰੁਜ਼ਗਾਰ ਮੇਲੇ ਦੀ ਪੋਲ ਖੋਲ ਕੇ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਨੌਕਰੀ ਦੇ ਨਾਂਅ 'ਤੇ ਅਸੀਂ ਕਈ ਵਾਰ ਫ਼ਾਰਮ ਭਰ ਚੁੱਕੇ ਹਾਂ ਪਰ ਨੌਕਰੀ ਨਹੀਂ ਮਿਲੀ। ਸਾਨੂੰ ਘਰਦਿਆਂ ਦੀ ਗੱਲ ਮੰਨ ਕੇ ਰੁਜ਼ਗਾਰ ਮੇਲਿਆਂ 'ਚ ਜਾਣਾ ਪੈਂਦਾ ਹੈ। ਜੋ ਤਜ਼ੁਰਬਾ ਸਾਨੂੰ ਹੈ ਉਸ ਮੁਤਾਬਕ ਤਾਂ ਇੱਥੇ ਤਨਖ਼ਾਹ ਵੀ ਘੱਟ ਦੱਸ ਰਹੇ ਹਨ। ਉਸ ਤੋਂ ਚੰਗੀ ਤਨਖ਼ਾਹ ਤਾਂ ਅਸੀਂ ਪਹਿਲਾਂ ਹੀ ਲੈ ਰਹੇ ਹਾਂ।
ਦੂਜੇ ਪਾਸੇ ਰੁਜ਼ਗਾਰ ਮੇਲੇ ਨੂੰ ਅਧਿਆਪਕ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਡਰਾਮਾ ਦੱਸਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਪੜ੍ਹ-ਲਿਖੇ ਅਧਿਆਪਕਾਂ ਨੂੰ ਘੱਟ ਪੈਸਿਆਂ 'ਤੇ ਕੰਮ ਕਰਵਾ ਰਹੀ ਹੈ ਜਦ ਕਿ ਇੱਕ ਮਜ਼ਦੂਰ ਵੀ ਉਨ੍ਹਾਂ ਨਾਲੋਂ ਜ਼ਿਆਦਾ ਪੈਸੇ ਇੱਕ ਦਿਨ 'ਚ ਕਮਾ ਲੈਂਦਾ ਹੈ।
ਇਸ ਸਬੰਧ 'ਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਸਕੀਮ ਤਹਿਤ ਹਰ ਜ਼ਿਲ੍ਹੇ 'ਚ ਰੁਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ ਜਿਸ 'ਚ ਲਗਭਗ 100 ਕੰਪਨੀਆਂ ਨੇ ਹਿੱਸਾ ਲਿਆ ਹੈ।