ਫ਼ਤਿਹਗੜ੍ਹ ਸਾਹਿਬ: ਕਿਸਾਨ ਕੋਰੋਨਾ ਕਾਰਨ ਮਜ਼ਦੂਰਾਂ ਅਤੇ ਕਈ ਹੋਰ ਸਮੱਸਿਆਵਾਂ ਨਾਲ ਜੂਝ ਰਹੇ ਸਨ। ਇਸੇ ਦੌਰਾਨ ਸਰਕਾਰ ਵੱਲੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤਾ ਜਾ ਰਿਹਾ ਵਾਧਾ ਕਿਸਾਨਾਂ ਲਈ ਵੱਡੀ ਸਮੱਸਿਆ ਬਣ ਚੁੱਕਿਆ ਹੈ। ਘਾਟੇ ਦਾ ਸੌਦਾ ਬਣ ਚੁੱਕੀ ਖੇਤੀ 'ਤੇ ਤੇਲ ਦੀਆਂ ਵਧੀਆਂ ਕੀਮਤਾਂ ਖੇਤੀ ਨੂੰ ਹੋਰ ਦੁਸ਼ਵਾਰ ਬਣਾ ਰਹੀਆਂ ਹਨ। ਲਗਾਤਾਰ 19 ਦਿਨ੍ਹਾਂ ਤੋਂ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ, ਇਨ੍ਹਾਂ ਕੀਮਤਾਂ ਨੇ ਭਾਰਤ ਦੇ ਇਤਿਹਾਸ ਦੇ ਹੁਣ ਤੱਕ ਦੇ ਸਭ ਰਿਕਾਰਡ ਤੋੜ ਦਿੱਤੇ ਹਨ। ਡੀਜ਼ਲ ਹੁਣ ਤੱਕ ਦੇ ਆਪਣੇ ਸਭ ਤੋਂ ਉੱਚੀ ਕੀਮਤ 'ਤੇ ਹੈ ਜੋ ਪੈਟਰੋਲ ਦੇ ਦਾਮ ਨੂੰ ਵੀ ਪਾਰ ਕਰ ਗਿਆ ਹੈ।
ਤੇਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਕਾਰਨ ਕਿਸਾਨ ਪ੍ਰੇਸ਼ਾਨ - Petrol and diesel prices hike
ਕੋਰੋਨਾ ਦੌਰ ਵਿੱਚ ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਨੇ ਕਿਸਾਨਾਂ 'ਤੇ ਭਾਰੀ ਆਰਥਿਕ ਬੋਝ ਪਾਇਆ ਹੈ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਕਿਸਾਨਾਂ ਵਿੱਚ ਸਰਾਕਰ ਦੇ ਤੇਲ ਕੀਮਤਾਂ ਵਧਾਉਣ ਦੇ ਫੈਸਲੇ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
ਤੇਲ ਦੀਆਂ ਵਧ ਰਹੀਆਂ ਕੀਮਤਾਂ ਬਾਰੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਕਿਸਾਨਾਂ ਨੇ ਰੋਸ ਜਤਾਇਆ ਹੈ। ਜ਼ਿਲ੍ਹੇ ਦੇ ਕਿਸਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ ਉਸ ਤੋਂ ਤਾਂ ਇੰਝ ਲੱਗਦਾ ਹੈ ਕਿ ਸਰਕਾਰ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ। ਕਿਸਾਨਾਂ ਨੇ ਕਿਹਾ ਕਿ ਕੋਰੋਨਾ ਦੇ ਦੌਰ ਵਿੱਚ ਝੋਨਾ ਲਗਾਉਣ ਲਈ ਮਜ਼ਦੂਰ ਵੀ ਬਹੁਤ ਮਹਿੰਗੇ ਮਿਲੇ ਹਨ, ਉੱਤੋਂ ਤੇਲ ਦੀਆਂ ਵਧੀਆਂ ਕੀਮਤਾਂ ਨੇ ਕਿਸਾਨਾਂ 'ਤੇ ਹੋਰ ਆਰਥਿਕ ਬੋਝ ਪਾਇਆ ਹੈ।
ਕਿਸਾਨਾਂ ਨੇ ਕਿਹਾ ਕਿ ਫਸਲਾਂ ਦੀ ਲਾਗਤ ਬਹੁਤ ਜਿਆਦਾ ਹੈ ਪਰ ਮੁੱਲ ਉਸ ਹਿਸਾਬ ਨਾਲ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਖੇਤੀ ਨਾਲ ਸਬੰਧਤ ਹਰ ਚੀਜ਼ ਮਹਿੰਗੀ ਹੋ ਗਈ ਹੈ ਪਰ ਫਸਲਾਂ ਦਾ ਭਾਅ ਉਸ ਤਰ੍ਹਾਂ ਨਹੀਂ ਮਿਲ ਰਿਹਾ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਤੁਰੰਤ ਵਾਪਸ ਲਿਆ ਜਾਵੇ।