ਫ਼ਤਿਹਗੜ੍ਹ ਸਾਹਿਬ: ਪੰਜਾਬ ਵਿੱਚ ਝੋਨੇ ਦੇ ਸੀਜਨ ਵਿੱਚ ਜਿਥੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਕਿਹਾ ਜਾ ਰਿਹਾ ਹੈ, ਉਥੇ ਹੀ ਕੁਝ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ। ਇਸ ਨਾਲ ਹਵਾ ਪ੍ਰਦੂਸ਼ਣ ਤਾਂ ਹੁੰਦਾ ਹੀ ਹੈ, ਨਾਲ ਹੀ ਅੱਗ ਲਗਾਉਣ ਕਾਰਨ ਧਰਤੀ ਦੀ ਉਪਜਾਊ ਸ਼ਕਤੀ ਵੀ ਘੱਟ ਹੁੰਦੀ ਹੈ।
ਮੰਗਲਵਾਰ ਨੂੰ ਜ਼ਿਲ੍ਹੇ ਦੇ ਪਿੰਡ ਪੰਜੋਲੀ ਕਲਾਂ 'ਚ ਪਰਾਲੀ ਨਾ ਸਾੜਨ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 'ਕਿਸਾਨ ਜਾਗਰੂਕਤਾ ਪ੍ਰੋਗਰਾਮ' ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਐਸਐਸ ਮਰਵਾਹਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਜਾਗਰੂਕਤਾ ਪ੍ਰੋਗਰਾਮ ਦੌਰਾਨ ਪੀਪੀਸੀਬੀ ਚੇਅਰਮੈਨ ਨੇ ਪਰਾਲੀ ਦੇ ਨਿਪਟਾਰੇ ਦਾ ਹੱਲ ਦੱਸਿਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਕਿਸਾਨਾਂ ਦੀ ਹਰ ਵਾਰ ਇਹ ਮੰਗ ਰਹੀ ਹੈ ਕਿ ਪਰਾਲੀ ਦੇ ਨਿਪਟਾਰੇ ਦਾ ਯੋਗ ਹੱਲ ਕੀ ਹੈ? ਇਸ ਸਬੰਧ ਵਿੱਚ ਬੋਰਡ ਵੱਲੋਂ ਵਿਗਿਆਨਕ ਮਿਸ਼ਰਣ ਦਾ ਤਕਰੀਬਨ 350 ਏਕੜ ਰਕਬੇ ਵਿੱਚ ਤਜ਼ਰਬਾ ਗਿਆ ਹੈੈ। ਇਸ ਮਿਸ਼ਰਨ ਦੀ ਵਰਤੋਂ ਨਾਲ ਜਿੱਥੇ ਪੰਜਾਬ ਦੀ ਮਿੱਟੀ ਵਿੱਚ ਗੁਣਾਤਮਕ ਸੁਧਾਰ ਆਵੇਗਾ, ਉਥੇ ਪਰਾਲੀ ਤੇ ਮਿੱਟੀ ਵਿੱਚ ਗਲਣ ਨਾਲ ਖਾਦਾਂ ਆਦਿ ਦਾ ਖਰਚਾ ਵੀ ਲਗਾਤਾਰ ਸਾਲ ਦਰ ਸਾਲ ਘਟਨਾ ਸ਼ੁਰੂ ਹੋਵੇਗਾ, ਜਿਸ ਨਾਲ ਕਿਸਾਨ ਦੀ ਆਰਥਿਕ ਖ਼ੁਸ਼ਹਾਲੀ ਦਾ ਮੁੱਢ ਬੱਝੇਗਾ।
ਉਹਨਾਂ ਕਿਹਾ ਕਿ ਦਿੱਲੀ ਦੇ ਵਿੱਚ ਹੋ ਰਹੇ ਹਵਾ ਪ੍ਰਦੂਸ਼ਣ ਨੂੰ ਲੈਕੇ ਕਿਸਾਨਾਂ ਵਲੋਂ ਲਗਾਈ ਪਰਾਲੀ ਨੂੰ ਅੱਗ ਦੇ ਨਾਲ ਹੋਏ ਧੂੰਏ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਪਰ ਇਸ ਵਾਰ ਕਿਸਾਨਾਂ ਨੇ ਪਰਾਲੀ ਨੂੰ ਘੱਟ ਅੱਗ ਲਗਾਈ ਹੈ, ਜਿਸਦਾ ਵੀ ਢੁਕਵਾਂ ਹੱਲ ਕੱਢਿਆ ਗਿਆ ਹੈ।