ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪੁਲਿਸ ਵੱਲੋਂ ਨਾਗਾਲੈਂਡ ਤੋਂ ਇੱਕ ਵਿਅਕਤੀ ਨੂੰ 10 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਬੀਤੀ 4 ਅਪ੍ਰੈਲ ਨੂੰ ਐਸ.ਐਚ.ਓ. ਥਾਣਾ ਬਡਾਲੀ ਆਲਾ ਸਿੰਘ ਸਬ-ਇੰਸਪੈਕਟਰ ਨਰਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਡੀ.ਐਸ.ਪੀ. ਬਸੀ ਪਠਾਣਾਂ ਅਮਰਪ੍ਰੀਤ ਸਿੰਘ ਦੀ ਹਾਜ਼ਰੀ 'ਚ ਸੰਜੇ ਕੁਮਾਰ ਵਾਸੀ ਸਿਵਹਰ(ਬਿਹਾਰ) ਨੂੰ 7 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ । ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਨਸ਼ੇ ਦੀ ਉਕਤ ਖੇਪ ਉਹ ਆਪਣੇ ਸਾਥੀ ਰਾਮ ਰਾਜ ਠਾਕੁਰ ਤੋਂ ਮਨੀਪੁਰ ਦੇ ਇਲਾਕੇ 'ਚੋਂ ਲੈ ਕੇ ਆਇਆ ਹੈ। ਜਿੱਥੇ ਅਫ਼ੀਮ ਦੀ ਖੇਤੀ ਹੁੰਦੀ ਹੈ ਤੇ ਉਹ ਉੱਤਰ-ਪੂਰਬੀ ਰਾਜਾਂ ਤੋਂ ਅਫ਼ੀਮ ਖਰੀਦ ਕੇ ਪੰਜਾਬ - ਹਰਿਆਣਾ ਆਦਿ ਰਾਜਾਂ 'ਚ ਸਪਲਾਈ ਕਰਨ ਦਾ ਧੰਦਾ ਕਰਦੇ ਹਨ।
ਨਾਗਾਲੈਂਡ ਹੋਈ ਗ੍ਰਿਫ਼ਤਾਰੀ:ਇਸ ਮੌਕੇ ਐਸ.ਐਸ.ਪੀ. ਨੇ ਦੱਸਿਆ ਕਿ ਰਾਮ ਰਾਜ ਠਾਕੁਰ ਨੂੰ ਮਾਮਲੇ 'ਚ ਨਾਮਜ਼ਦ ਕਰਦੇ ਹੋਏ ਐਸ.ਐਚ.ਓ. ਨਰਪਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਅਗਲੀ ਤਫਤੀਸ਼ ਲਈ ਦੀਮਾਪੁਰ(ਨਾਗਾਲੈਂਡ) ਭੇਜਿਆ ਗਿਆ ਸੀ। ਜਿੱਥੇ ਪਹੁੰਚ ਕੇ ਟੀਮ ਵੱਲੋਂ ਰਾਮ ਰਾਜ ਠਾਕੁਰ ਨੂੰ ਕਾਬੂ ਕਰਕੇ ਉਸਦੀ ਨਿਸ਼ਾਨਦੇਹੀ 'ਤੇ ਬਰਮਾ ਕੈਂਪ ਦੀਮਾਪੁਰ(ਨਾਗਾਲੈਂਡ) ਤੋਂ 10 ਕਿੱਲੋ ਅਫ਼ੀਮ ਹੋਰ ਬਰਾਮਦ ਕੀਤੀ ਗਈ ਹੈ। ਜਿਸਦਾ ਦੀਮਾਪੁਰ ਦੀ ਅਦਾਲਤ ਤੋਂ ਟਰਾਂਸਿਟ ਰਿਮਾਂਡ ਹਾਸਿਲ ਕਰਕੇ ਉਸ ਨੂੰ ਹੁਣ ਪੰਜਾਬ ਲਿਆਂਦਾ ਗਿਆ ਹੈ।