ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ 22 ਮਾਰਚ ਤੋਂ ਕਰਫ਼ਿਊ ਚੱਲ ਰਿਹਾ ਹੈ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਲੋਕਾਂ ਤੱਕ ਜ਼ਰੂਰਤ ਦਾ ਸਾਮਾਨ ਪਹੁੰਚਾਉਣ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਫਿਰ ਵੀ ਕੁੱਝ ਵਰਗ ਅਜਿਹੇ ਹਨ ਜਿਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾੜ੍ਹੀ ਦੇ ਸੀਜ਼ਨ ਕਰਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਫ਼ਸਲ ਲੈ ਕੇ ਆਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀਆਂ ਫਸਲਾਂ ਦੀ ਕਟਾਈ ਵਿੱਚ ਵੀ ਦੇਰੀ ਹੋ ਰਹੀ ਹੈ।
ਉਧਰ ਦੂਜੇ ਪਾਸੇ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਮੰਡੀਆਂ ਵਿੱਚ ਪਈ ਕਣਕ ਅਤੇ ਖੇਤਾਂ ਵਿੱਚ ਖੜ੍ਹੀ ਫ਼ਸਲ ਖ਼ਰਾਬ ਹੋ ਰਹੀ ਹੈ, ਜਿਸ ਕਾਰਨ ਕਿਸਾਨ ਚਿੰਤਾ ਵਿੱਚ ਹਨ। ਕਰਫ਼ਿਊ ਦੇ ਨਾਲ-ਨਾਲ ਬੇਮੌਸਮੀ ਬਰਸਾਤ ਹੋਣ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨਾਂ ਦਾ ਕਹਿਣਾ ਸੀ ਕਿ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਲਾਗੂ ਕੀਤੇ ਪਾਸ ਸਿਸਟਮ ਦੇ ਕਾਰਨ ਉਹ ਇੱਕ ਸਮੇਂ ਦੇ ਵਿੱਚ ਇੱਕ ਟਰਾਲੀ ਫਸਲ ਮੰਡੀ ਦੇ ਵਿੱਚ ਲਿਆ ਸਕਦੇ ਹਨ। ਇਸ ਕਰਕੇ ਬਾਕੀ ਦੀ ਫ਼ਸਲ ਉਨ੍ਹਾਂ ਨੂੰ ਘਰ ਦੇ ਵਿੱਚ ਸਟੋਰ ਕਰਨੀ ਪੈਂਦੀ ਹੈ ਜਾਂ ਫਿਰ ਫ਼ਸਲ ਦੀ ਕਟਾਈ ਬਾਅਦ 'ਚ ਕਰਵਾਉਣੀ ਪੈਂ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਰਸਾਤ ਦੇ ਕਾਰਨ ਫਸਲ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਖੜ੍ਹੀ ਫਸਲ ਦੇ ਵਿੱਚ ਪਾਣੀ ਖੜ੍ਹ ਜਾਵੇਗਾ ਅਤੇ ਫ਼ਸਲ ਦੀ ਕਟਾਈ ਹੋਰ ਲੇਟ ਹੋ ਜਾਵੇਗੀ, ਜਿਸ ਨਾਲ ਫਸਲ ਦੇ ਖਰਾਬ ਹੋਣ ਦਾ ਵੀ ਡਰ ਹੈ।
ਇਹ ਵੀ ਪੜ੍ਹੋ: ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਆਪਣੇ ਆਪ ਨੂੰ ਕੀਤਾ ਕੁਆਰੰਟਾਈ
ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਇੱਕ ਟਰਾਲੀ ਮੰਡੀ ਦੇ ਵਿੱਚ ਲਿਆਂਦੀ ਗਈ ਹੈ ਜਿਸ ਦੀ ਬਰਸਾਤ ਦੇ ਕਾਰਨ ਤੁਲਾਈ ਨਹੀਂ ਹੋਈ। ਮੰਡੀਆਂ ਵਿੱਚ ਵੀ ਪਈ ਕਣਕ ਨੂੰ ਤਰਪਾਲਾਂ ਦੇ ਨਾਲ ਢੱਕ ਕੇ ਬਚਾਇਆ ਜਾ ਰਿਹਾ ਹੈ।