ਫ਼ਤਿਹਗੜ੍ਹ ਸਾਹਿਬ: ਕੇਂਦਰ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਜ਼ਰੂਰਤਮੰਦ ਪਰਿਵਾਰਾਂ ਨੂੰ ਕੱਚੇ ਮਕਾਨ ਤੋਂ ਪੱਕੇ ਮਕਾਨ ਬਣਾਉਣ ਦੇ ਲਈ ਡੇਢ ਲੱਖ ਰੁਪਏ ਤੱਕ ਮਾਲੀ ਮਦਦ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਪਰ ਅਜੇ ਵੀ ਬਹੁਤ ਸਾਰੇ ਪਿੰਡ ਅਜਿਹੇ ਹਨ ਜਿੱਥੇ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਨਹੀਂ ਮਿਲਿਆ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਸਿਰਫ਼ ਫ਼ਾਰਮ ਭਰਨ ਤੱਕ ਸੀਮਿਤ! ਇਸੇ ਤਰ੍ਹਾਂ ਦਾ ਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਪਿੰਡ ਅੰਨੀਆਂ, ਜਿੱਥੇ ਲੋਕ ਆਪਣੇ ਕੱਚੇ ਮਕਾਨਾਂ ਦੇ ਪੈਸਿਆਂ ਦੀ ਉਡੀਕ ਕਰ ਰਹੇ ਹਨ। ਪਿੰਡ ਅੰਨੀਆਂ ਵਿੱਚ 20 ਦੇ ਕਰੀਬ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੇ ਘਰ ਦੀਆਂ ਛੱਤਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਇਸ ਸਕੀਮ ਦਾ ਲਾਭ ਲੈਣ ਦੇ ਲਈ ਕਈ ਵਾਰ ਪ੍ਰਸ਼ਾਸਨ ਨੂੰ ਕਾਗ਼ਜ਼ ਭਰ ਕੇ ਦਿੱਤੇ ਗਏ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਘਰ ਦੀ ਛੱਤ ਗਿਰਨ ਵਾਲੀ ਹੈ ਅਤੇ ਉਸ ਦੇ ਵਿੱਚੋਂ ਪਾਣੀ ਆਉਣ ਲੱਗਦਾ ਹੈ। ਜਿਸ ਦੇ ਕਾਰਨ ਉਨ੍ਹਾਂ ਨੂੰ ਬਾਹਰ ਬਣਾਏ ਇੱਕ ਸ਼ੈੱਡ ਦੇ ਥੱਲੇ ਹੀ ਬੈਠ ਕੇ ਰਾਤ ਗੁਜ਼ਾਰਨੀ ਪੈਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ ਤਾਂ ਜੋ ਆਪਣੇ ਘਰ ਦੇ ਵਿੱਚ ਸੁਰੱਖਿਅਤ ਰਹਿ ਸਕਣ।
ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਪਿੰਡ ਦੇ ਸਰਪੰਚ ਸਮਸ਼ੇਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਪਿੰਡ ਦੇ ਵਿੱਚ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਦੇਣ ਦੇ ਲਈ ਫ਼ਾਰਮ ਭਰਾਏ ਜਾ ਚੁੱਕੇ ਹਨ। 20 ਦੇ ਕਰੀਬ ਮਕਾਨ ਇਸ ਯੋਜਨਾ ਦੇ ਤਹਿਤ ਪਾਸ ਵੀ ਹੋ ਗਏ ਹਨ ਪਰ ਅਜੇ ਉਨ੍ਹਾਂ ਨੂੰ ਪੈਸੇ ਨਹੀਂ ਮਿਲੇ।
ਇਸ ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਬੀ.ਡੀ.ਪੀ.ਓ. ਅਮਲੋਹ ਕੁਲਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਲਕੇ ਦੇ ਲਗਭਗ ਸਾਰੇ ਪਿੰਡਾਂ ਦੇ ਵਿੱਚ ਜਰੂਰਤਮੰਦ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭ ਮਿਲ ਰਹੇ ਹਨ। ਪਰ ਹੁਣ ਕੇਂਦਰ ਸਰਕਾਰ ਵੱਲੋਂ ਇਸ ਯੋਜਨਾ ਤਹਿਤ ਲੋਕਾਂ ਨੂੰ ਪੈਸੇ ਨਹੀਂ ਆ ਰਹੇ। ਉਨ੍ਹਾਂ ਨੂੰ ਉਮੀਦ ਹੈ ਕਿ ਜਲਦ ਹੀ ਆਵਾਸ ਯੋਜਨਾ ਦੇ ਪੇਸੈ ਆ ਜਾਣਗੇ।