ਸ੍ਰੀ ਫਤਹਿਗੜ੍ਹ ਸਾਹਿਬ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 2 ਕਿਲੋਵਾਟ ਦੇ ਬਿਜਲੀ ਮੀਟਰਾਂ ਦੇ ਕੁਨੈਕਸ਼ਨ ਵਾਲਿਆਂ ਨੂੰ ਰਾਹਤ ਦੇਣ ਦਾ ਦਾਅਵਾ ਕਰਦੇ ਹੋਏ ਐਲਾਨ ਕੀਤਾ ਹੈ ਕਿ ਜੇਕਰ ਕਿਸੇ ਦਾ ਪਹਿਲਾ ਬਿਜਲੀ ਦਾ ਬਿੱਲ ਰਹਿੰਦਾ ਹੈ ਤਾਂ ਉਹ ਮਾਫ ਹੋ ਜਾਵੇਗਾ ਅਤੇ ਕਿਸੇ ਦਾ ਬਿਜਲੀ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ, ਪਰ ਐਲਾਨ ਦੇ ਥੋੜੇ ਸਮੇਂ ਬਾਅਦ ਹੀ ਸਰਹਿੰਦ ਵਿੱਚ ਮੁੱਖ ਮੰਤਰੀ ਦੇ ਦਾਅਵਿਆਂ ਨੂੰ ਟਿੱਚ ਜਾਣਦੇ ਹੋਏ 7 ਤੋਂ 8 ਪਰਿਵਾਰਾਂ ਦੇ ਬਿਜਲੀ ਦੇ ਕੁਨੈਕਸ਼ਨ ਬਿਜਲੀ ਮਹਿਕਮੇ ਦੇ ਕਰਮਚਾਰੀਆਂ ਦੇ ਵੱਲੋਂ ਕੱਟ ਦਿਤੇ ਗਏ। ਜਿਸ ਕਾਰਨ ਇਹਨਾਂ ਪਰਿਵਾਰਾਂ ਨੇ ਰਾਤ ਬਿਜਲੀ ਤੋਂ ਬਿਨਾਂ ਹੀ ਗੁਜਾਰੀ।
ਬਿਜਲੀ ਕੁਨੈਕਸ਼ਨ ਕੱਟੇ ਜਾਣ ਸਬੰਧੀ ਸਰਹਿੰਦ ਸ਼ਹਿਰ ਦੇ ਸ਼ਿਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਰੁਪਿੰਦਰਪਾਲ ਸਿੰਘ ਦੇ ਨਾਂ ਤੇ ਬਿਜਲੀ ਕੁਨੈਕਸ਼ਨ ਹੈ। ਪਿਤਾ ਦੀ ਮੌਤ ਤੋਂ ਬਾਅਦ ਘਰ 'ਚ ਆਰਥਿਕ ਤੰਗੀ ਦੇ ਚਲਦੇ ਬਿੱਲ ਜਮ੍ਹਾਂ ਨਹੀਂ ਕਰਵਾ ਸਕੇ। ਜਿਸ ਦੇ ਚਲਦੇ ਉਨ੍ਹਾਂ ਦਾ ਕਰੀਬ 12 ਹਜ਼ਾਰ ਰੁਪਏ ਬਕਾਇਆ ਹੈ। ਬੁੱਧਵਾਰ ਦੇਰ ਸ਼ਾਮ ਜਦੋਂ ਉਹ ਘਰ ਪਹੁੰਚਿਆ ਤਾਂ ਦੇਖਿਆ ਕਿ ਪਤਨੀ, ਮਾਸੂਮ ਬੱਚਾ ਤੇ ਬਜ਼ੁਰਗ ਮਾਂ ਹਨ੍ਹੇਰੇ ’ਚ ਬੈਠੀ ਸਨ। ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਬਿਜਲੀ ਵਾਲੇ ਕੁਨੈਕਸ਼ਨ ਕੱਟ ਗਏ ਅਤੇ ਬਿਜਲੀ ਦਾ ਮੀਟਰ ਉਤਾਰ ਕੇ ਨਾਲ ਲੈ ਗਏ ਹਨ।
ਸ਼ਿਵਪ੍ਰੀਤ ਨੇ ਕਿਹਾ ਕਿ ਮੁੱਖ ਮੰਤਰੀ ਗਰੀਬ ਪਰਿਵਾਰਾਂ ਨੂੰ ਸੁਵਿਧਾ ਦੇਣ ਦਾ ਦਾਅਵਾ ਕਰ ਰਹੇ ਹਨ ਇਸ ਦੇ ਉਲਟ ਪਾਵਰਕਾਮ ਦੇ ਅਧਿਕਾਰੀ ਉਨ੍ਹਾਂ ਨੇ ਬਿਜਲੀ ਦੀ ਸੁਵਿਧਾ ਤੋਂ ਵਾਂਝੇ ਕਰ ਰਹੇ ਹਨ।