ਸ੍ਰੀ ਫ਼ਤਿਹਗੜ੍ਹ ਸਾਹਿਬ:ਸੂਬੇ 'ਚ ਇੱਕ ਪਾਸੇ ਪੁਲਿਸ ਤੇ ਸਰਕਾਰ ਵਲੋਂ ਕਾਨੂੰਨ ਵਿਵਸਥਾ ਸਹੀ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਦੂਜੇ ਪਾਸੇ ਨਿੱਤ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਪਿਛਲੇ ਦਿਨੀਂ ਮੰਡੀ ਗੋਬਿੰਦਗੜ੍ਹ ਵਿੱਚ ਸਾਹਮਣੇ ਆਇਆ ਸੀ, ਜਿਥੇ ਸੇਲ ਪ੍ਰਚੇਂਜ ਦੀ ਇਕੱਠੀ ਕੀਤੀ 23 ਲੱਖ 15 ਹਜ਼ਾਰ ਦੀ ਨਕਦੀ ਬਦਮਾਸ਼ਾਂ ਵਲੋਂ ਲੁੱਟ ਲਈ ਸੀ। ਜਿਸ ਨੂੰ ਪੁਲਿਸ ਵਲੋਂ ਹੱਲ ਕਰਨ ਦਾ ਦਾਅਵਾ ਕੀਤਾ ਹੈ ਅਤੇ ਮਾਮਲੇ 'ਚ ਤਿੰਨ ਮੁਲਜ਼ਮ ਕਾਬੂ ਕੀਤੇ ਹਨ, ਜਿੰਨ੍ਹਾਂ ਕੋਲੋਂ ਇੱਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਹੈ। (Robbery Case Solved)
ਤਿੰਨ ਮੁਲਜ਼ਮ ਤੇ ਦੇਸੀ ਪਿਸਤੌਲ ਬਰਾਮਦ:ਜਿਸਦੇ ਸਬੰਧੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਐੱਸਐੱਸਪੀ ਡਾ.ਰਵਜੋਤ ਗਰੇਵਾਲ ਵਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ 'ਚ ਪੁਲਿਸ ਵਲੋਂ ਬਦਮਾਸ਼ਾਂ ਤੋਂ ਲੁੱਟ ਦੀ ਰਕਮ ਵਿਚੋਂ 14 ਲੱਖ ਰੁਪਏ ਬਰਾਮਦ ਕਰ ਲਏ ਹਨ ਅਤੇ ਵਾਰਦਾਤ 'ਚ ਵਰਤਿਆ ਗਿਆ ਦੇਸੀ ਪਿਸਤੌਲ ਅਤੇ ਇੱਕ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ। ਐੱਸ.ਐੱਸ.ਪੀ ਡਾ. ਰਵਜੋਤ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਹੁਲ ਨਾਮ ਦੇ ਕਰਿੰਦੇ ਨੇ ਹੀ ਇਸ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।