ਅੰਮ੍ਰਿਤਸਰ: ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਕਮੇਟੀ ਦੀ ਤੁਲਨਾ ਆਰ.ਐੱਸ.ਐੱਸ ਕਰਨ ਨੂੰ ਲੈ ਕੇ ਢੀਂਡਸਾ ਦੇ ਇਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਢੀਂਡਸਾ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਆਰ.ਐੱਸ.ਐੱਸ ਦੀਆਂ ਗਤੀਵਿਧਿਆਂ ਘੱਟ ਗਿਣਤੀਆਂ ਨੂੰ ਦਬਾਉਣ ਵਾਲੀਆਂ ਹਨ, ਜੋ ਕਿ ਬੇਹੱਦ ਖ਼ਤਰਨਾਕ ਹਨ। ਜਦਕਿ ਧਾਰਮਿਕ ਖੇਤਰ ਵਿੱਚ ਸ਼੍ਰੋਮਣੀ ਕਮੇਟੀ ਦਾ ਕੋਈ ਮੁਕਾਬਲਾ ਨਹੀਂ ਹੈ।
ਆਰ.ਐਸ.ਐਸ ਦੀਆਂ ਗਤੀਵਿਧਿਆਂ ਘੱਟ ਗਿਣਤੀਆਂ ਪ੍ਰਤੀ ਖ਼ਤਰਨਾਕ- ਜਥੇਦਾਰ ਪੰਜੋਲੀ ਪੰਜੋਲੀ ਨੇ ਕਿਹਾ ਕਿ ਆਰ.ਐੱਸ.ਐੱਸ ਦੀਆਂ ਸਰਗਰਮੀਆਂ ਵਿੱਚ ਨਾ ਤਾਂ ਧਰਮ ਦਾ ਪ੍ਰਚਾਰ ਹੈ ਅਤੇ ਨਾ ਹੀ ਸਮਾਜਿਕ ਖੇਤਰ ਵਿੱਚ ਕੋਈ ਰੋਲ ਹੈ। ਇਹ ਜੱਥੇਬੰਦੀ ਘੱਟ ਗਿਣਤੀ ਕੌਮਾਂ ਨੂੰ ਬਹੁਗਿਣਤੀ ਵਿੱਚ ਜਜਬ ਕਰਨ ਦੀ ਸਾਜਿਸ਼ ਤਹਿਤ ਕੰਮ ਕਰਦੀ ਹੈ। ਉਨਾਂ ਕਿਹਾ ਕਿ ਸੁਖਦੇਵ ਢੀਂਡਸਾ ਵਲੋਂ ਆਰ.ਐੱਸ.ਐੱਸ ਨੂੰ ਸ਼੍ਰੋਮਣੀ ਕਮੇਟੀ ਤੋਂ ਵਧੀਆਂ ਸੰਸਥਾ ਦੱਸਣਾ ਕਿਸੇ ਵੀ ਤਰ੍ਹਾਂ ਵਾਜ਼ਿਬ ਨਹੀਂ ਹੈ। ਧਾਰਮਿਕ, ਸਮਾਜਿਕ, ਵਿਦਿਅਕ ਖੇਤਰ ਦੇ ਨਾਲ-ਨਾਲ ਪੰਥ, ਪੰਜਾਬ ਅਤੇ ਦੇਸ਼ ਪ੍ਰਤੀ ਜੋ ਰੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾ ਕੀਤਾ ਹੈ ਜਾਂ ਕਰ ਰਹੀ ਹੈ ਉਹ ਮਾਣਮੱਤਾ ਅਤੇ ਗੌਰਵਮਈ ਹੈ।
ਜਥੇਦਾਰ ਪੰਜੋਲੀ ਨੇ ਕਿਹਾ ਕਿ ਆਰ.ਐਸ.ਐਸ. ਕੇਵਲ ਹਿੰਦੂ ਏਜੰਡੇ 'ਤੇ ਕੰਮ ਕਰਦੀ ਹੈ ਜਿਸ ਦਾ ਮੁੱਖ ਮਨੋਰਥ ਘੱਟ ਗਿਣਤੀਆਂ ਬਾਰੇ ਕੂੜ ਪ੍ਰਚਾਰ ਕਰਕੇ ਬਹੁਗਿਣਤੀ ਦਾ ਰਾਜ ਸਥਾਪਿਤ ਕਰਨਾ ਹੈ ਅਤੇ ਘੱਟ ਗਿਣਤੀਆਂ ਦੇ ਧਾਰਮਿਕ ਸੱਭਿਆਚਾਰ ਦੇ ਨਾਲ-ਨਾਲ ਉਨ੍ਹਾਂ ਦੀ ਅੱਡ, ਆਜ਼ਾਦ ਅਤੇ ਨਿਆਰੀ ਹਸਤੀ ਨੂੰ ਖ਼ਤਮ ਕਰਨਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇਂ ਵਿੱਚ 12 ਕਰੋੜ ਤੋਂ ਵੱਧ ਰੁਪਏ ਕੈਂਸਰ ਪੀੜਤ ਲੋਕਾਂ ਨੂੰ ਦਿੱਤੇ ਹਨ, ਜਿਨ੍ਹਾਂ ਵਿੱਚ ਹਿੰਦੂ, ਮੁਸਲਮਾਨ, ਈਸਾਈ, ਜੈਨੀ, ਬੋਧੀ ਅਤੇ ਸਿੱਖ ਹਨ।
ਉਨ੍ਹਾਂ ਕਿਹਾ ਕਿ ਧਰਮ ਦੇ ਖੇਤਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਇਹੋ ਜਿਹੀ ਸੰਸਥਾਂ ਹੈ ਜਿਹੜੀ ਲੋਕਾਂ ਦੀਆਂ ਵੋਟਾਂ ਦੁਆਰਾ ਚੁਣੀ ਜਾਂਦੀ ਹੈ। ਜਿਸ ਵਿੱਚ ਹਰ ਸਿੱਖ ਨੂੰ ਵੋਟ ਬਣਾਉਣ, ਵੋਟ ਪਾਉਣ ਤੇ ਚੋਣ ਲੜਨ ਦਾ ਅਧਿਕਾਰ ਹੈ।
ਪੰਜੋਲੀ ਨੇ ਹਰ ਪੰਥਕ ਆਗੂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਚੋਣਾਂ ਲੜਨ ਲਈ ਕੌਮ ਦੇ ਉੱਜਲੇ ਭਵਿੱਖ ਦਾ ਏਜੰਡਾ ਲੈ ਕੇ ਆਉਣ, ਜਿਥੇ ਕਿਤੇ ਸੰਸਥਾ ਵਿੱਚ ਕੋਈ ਕਮੀ ਨਜ਼ਰ ਆਉਂਦੀ ਹੈ ਉਸ ਦਾ ਨੋਟਿਸ ਲੈਣ, ਉਸ ਵਿੱਚ ਸੁਧਾਰ ਕਰਨ ਦਾ ਏਜੰਡਾ ਲੈ ਕੇ ਆਉਣ, ਪਰ ਇਹ ਗੱਲ ਕਦਾਚਿਤ ਵੀ ਉੱਚਿਤ ਨਹੀਂ ਹੈ ਕਿ ਇਹੋ ਜਿਹੀ ਮਹਾਨ ਸੰਸਥਾ, ਜਿਸਨੂੰ ਬਣਾਉਣ ਲਈ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਵੀ ਦਿੱਤੀਆਂ ਅਤੇ ਖਾਲਸਾ ਪੰਥ ਦੀ ਅੱਡਰੀ ਅਜਾਦ ਅਤੇ ਨਿਆਰੀ ਹਸਤੀ ਦੀ ਹੋਂਦ ਲੜਾਈ ਵੀ ਲੜੀ, ਇੱਕ ਸਾਲ ਤੋਂ ਲੈ ਕੇ ਦੱਸ ਸਾਲ ਤੱਕ ਕੈਦ ਕੱਟੀ, 16 ਲੱਖ ਰੁਪਏ ਜ਼ੁਰਮਾਨੇ ਵੀ ਭਰੇ।