ਵਿਧਾਇਕ ਲਖਬੀਰ ਸਿੰਘ ਰਾਏ ਤੇ ਲੋਕਾਂ ਨੇ ਦਿੱਤੀ ਜਾਣਕਾਰੀ ਫਤਿਹਗੜ੍ਹ ਸਾਹਿਬ:ਅਕਸਰ ਹੀ ਸਾਡੇ ਦੇਸ਼ ਵਿੱਚ ਜਾਤੀ-ਧਰਮ ਦੇ ਨਾਮ ਉੱਤੇ ਰਾਜਨੀਤੀ ਕਰਕੇ ਇੱਕ ਦੂਜੇ ਨਾਲ ਲੜਾਇਆ ਜਾਂਦਾ ਹੈ, ਪਰ ਜੇਕਰ ਗਰਾਊਂਡ ਉੱਤੇ ਨਜ਼ਰ ਮਾਰੀਏ ਤਾਂ ਸੱਚਾਈ ਕੁੱਝ ਹੋਰ ਹੀ ਜਾਪਦੀ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਮੌਜੂਦ ਰੋਜ਼ਾ ਸ਼ਰੀਫ ਵਿੱਚ ਹੋਣ ਵਾਲੇ ਸਲਾਨਾ ਉਰਸ ਵਿੱਚ ਪਾਕਿਸਤਾਨ ਤੋਂ ਵੀ ਇੱਕ ਜੱਥਾ ਪਹੁੰਚਿਆ। ਜਿਹਨਾਂ ਨੇ ਦੋਵੇ ਦੇਸ਼ਾਂ ਵਿੱਚ ਪਿਆਰ ਦੀ ਮਿਸ਼ਾਲ ਪੇਸ਼ ਕਰਦਿਆ ਕਿਹਾ ਕਿ ਮੀਡੀਆ ਨੇ ਹਿੰਦੂ ਤੇ ਮੁਸਲਮਾਨ ਵਿੱਚ ਪਾੜਾ ਪਾਇਆ ਹੋਇਆ ਹੈ, ਜਦੋਂ ਕਿ ਦੋਵੇ ਦੇਸ਼ਾਂ ਦੇ ਲੋਕ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਇਸ ਦੌਰਾਨ ਹੀ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਵਿਦੇਸ਼ਾਂ ਤੋਂ ਆਏ ਮੁਸਲਮਾਨ ਭਾਈਚਾਰੇ ਦਾ ਸਵਾਗਤ ਕੀਤਾ।
ਸਵਾਗਤ ਕਰਨਾ ਸਾਡਾ ਫਰਜ਼:ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਰੋਜ਼ਾ ਸ਼ਰੀਫ ਦੀ ਧਾਰਮਿਕ ਮਾਨਤਾ ਬਹੁਤ ਜ਼ਿਆਦਾ ਹੈ, ਦੇਸ਼ ਭਰ ਅਤੇ ਵਿਦੇਸ਼ਾਂ ਤੋਂ ਮੁਸਲਮਾਨ ਭਾਈਚਾਰਾ ਇੱਥੇ ਨਤਮਸਤਕ ਹੋਣ ਲਈ ਆਉਂਦਾ ਹੈ। ਇੱਥੋਂ ਦੇ ਵਸ਼ਿੰਦੇ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇੱਥੇ ਆਉਣ ਵਾਲੇ ਸਾਰੇ ਹੀ ਮਹਿਮਾਨਾਂ ਦਾ ਸਵਾਗਤ ਕਰੀਏ, ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ।
ਪੰਜਾਬ 'ਚ ਸਭ ਧਰਮਾਂ ਦਾ ਸਤਿਕਾਰ: ਵਿਧਾਇਕ ਲਖਬੀਰ ਸਿੰਘ ਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਪਹੁੰਚਣ 'ਤੇ ਕੁੱਝ ਸਮੱਸਿਆਵਾਂ ਬਾਰੇ ਜਾਣਕਾਰੀ ਮਿਲੀ, ਉਨਾਂ ਦਾ ਵੀ ਜਲਦ ਸੁਧਾਰ ਕੀਤਾ ਜਾਵੇਗਾ। ਉੱਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਦੂਸਰੇ ਦੇਸ਼ਾਂ ਤੋਂ ਸ਼ਰਧਾਲੂ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚੇ ਹਨ, ਜਿਹਨਾਂ ਦਾ ਉਹ ਸਵਾਗਤ ਕਰਦੇ ਹਨ।
ਪੰਜਾਬ ਦੇ ਪਿਆਰ ਦਾ ਸੰਦੇਸ਼ ਪਹੁੰਚੇਗਾ ਪਾਕਿਸਤਾਨ :ਇਸ ਦੌਰਾਨ ਹੀ ਪਾਕਿਸਤਾਨ ਤੋਂ ਪਹੁੰਚੇ ਡੈਲੀਗੇਟਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪੰਜਾਬ ਵਾਸੀਆਂ ਦੀ ਮਹਿਮਾਨਬਾਜ਼ੀ ਨੇ ਉਨ੍ਹਾਂ ਦਾ ਦਿਲ ਮੋਹ ਲਿਆ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਵਿੱਚ ਪਹਿਲੀ ਵਾਰ ਆਏ ਹਨ ਉਨ੍ਹਾਂ ਨੂੰ ਇੱਥੇ ਆ ਕੇ ਆਪਣਾਪਨ ਮਹਿਸੂਸ ਹੋਇਆ। ਜਿਸ ਤਰ੍ਹਾਂ ਨੈਸ਼ਨਲ ਮੀਡੀਆ ਵੱਲੋਂ ਹਿੰਦੂ-ਮੁਸਲਿਮ ਦਾ ਪਾੜਾ ਦਿਖਾਇਆ ਜਾ ਰਿਹਾ ਹੈ, ਆਮ ਲੋਕਾਂ ਦੀ ਜ਼ਿੰਦਗੀ ਉਸ ਤੋਂ ਬਿਲਕੁਲ ਉਲਟ ਹੈ। ਆਮ ਲੋਕ ਇਕ ਦੂਸਰੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਭਾਵਨਾ ਦੇ ਨਾਲ ਨਹੀਂ ਦੇਖਦੇ ਹਨ। ਉਹ ਪੰਜਾਬ ਦਾ ਇਹ ਸੁਨੇਹਾ ਪਾਕਿਸਤਾਨ ਲੈ ਕੇ ਜਾਣਗੇ ਅਤੇ ਆਮ ਲੋਕਾਂ ਨੂੰ ਦੱਸਣਗੇ ਕਿ ਪੰਜਾਬੀ ਉਹਨਾਂ ਨੂੰ ਕਿਸ ਤਰ੍ਹਾਂ ਪਿਆਰ ਕਰਦੇ ਹਨ।