ਸ੍ਰੀ ਫ਼ਤਿਹਗੜ੍ਹ ਸਾਹਿਬ: ਸਰਹਿੰਦ ਜੀਟੀ ਰੋਡ 'ਤੇ ਇੱਕ ਸੜਕ ਦੁਰਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸੂਚਨਾ ਹੈ, ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਮ੍ਰਿਤਕ ਵਿਅਕਤੀ ਮੰਡੀ ਗੋਬਿੰਦਗੜ੍ਹ ਤੋਂ ਟਰੈਕਟਰ-ਟਰਾਲੀ 'ਤੇ ਸਰੀਆ ਲੱਦ ਕੇ ਲਿਆ ਰਿਹਾ ਸੀ ਕਿ ਟਰੈਕਟਰ ਬੇਕਾਬੂ ਹੋ ਗਿਆ ਤੇ ਇਹ ਹਾਦਸਾ ਵਾਪਰ ਗਿਆ।
ਟਰੈਕਟਰ-ਟਰਾਲੀ ਪਲਟਣ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ - ਸਰਹਿੰਦ ਪੁਲਿਸ
ਸਰਹਿੰਦ ਜੀਟੀ ਰੋਡ 'ਤੇ ਟਰੈਕਟਰ-ਟਰਾਲੀ ਪਲਟ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਲੀ ਸਰੀਆ ਨਾਲ ਭਰੀ ਹੋਈ ਸੀ ਅਤੇ ਬੇਕਾਬੂ ਹੋ ਕੇ ਪਲਟ ਗਈ।
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਏਐਸਆਈ ਜਸਵੀਰ ਸਿੰਘ ਨੇ ਦਸਿਆ ਕਿ ਬਲਬੀਰ ਸਿੰਘ ਵਾਸੀ ਜਖ਼ਵਾਲੀ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਚੰਦੂਮਾਜਰਾ ਮੰਡੀ ਗੋਬਿੰਦਗੜ੍ਹ ਤੋਂ ਟਰੈਕਟਰ-ਟਰਾਲੀ ਰਾਹੀਂ ਸਰੀਆ ਲੱਦ ਕੇ ਰਾਜਪੁਰਾ ਵੱਲ ਜਾ ਰਹੇ ਸਨ। ਇਸ ਦੌਰਾਨ ਟਰੈਕਟਰ-ਟਰਾਲੀ ਲੈ ਕੇ ਜਦੋਂ ਉਹ ਸਰਹਿੰਦ ਦੇ ਚਾਵਲਾ ਚੌਂਕ ਨਜ਼ਦੀਕ ਪਹੁੰਚੇ ਤਾਂ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਟਰਾਲੀ ਵੀ ਪਲਟ ਗਈ।
ਉਨ੍ਹਾਂ ਦੱਸਿਆ ਕਿ ਟਰੈਕਟਰ ਦੇ ਪਲਟ ਜਾਣ ਕਾਰਨ ਅੰਮ੍ਰਿਤਪਾਲ ਸਿੰਘ (ਉਮਰ 35 ਸਾਲ) ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਬਲਬੀਰ ਸਿੰਘ ਜ਼ਖ਼ਮੀ ਹੋ ਗਿਆ। ਜ਼ਖ਼ਮੀ ਬਲਬੀਰ ਸਿੰਘ ਨੂੰ ਤੁਰੰਤ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਪਹੁੰਚਾਇਆ ਗਿਆ। ਪੁਲਿਸ ਨੇ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ।