ਸ੍ਰੀ ਫਤਿਹਗੜ੍ਹ ਸਾਹਿਬ: ਸ੍ਰੀ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਲਈ ਖੁਸ਼ਖਬਰੀ ਹੈ ਕਿ ਸੱਚਖੰਡ ਐਕਸਪ੍ਰੈਸ ਹੁਣ ਮੁੜ ਖੰਨਾ, ਸਰਹਿੰਦ, ਰਾਜਪੁਰਾ ਹੋ ਕੇ ਅੰਬਾਲਾ ਜਾਇਆ ਕਰੇਗੀ। ਇਸ ਤੋਂ ਪਹਿਲਾਂ ਇਸ ਰੇਲ ਗੱਡੀ ਦਾ ਰੂਟ ਬਦਲ ਕੇ ਅੰਬਾਲਾ ਤੋਂ ਚੰਡੀਗੜ੍ਹ ਰਾਹੀਂ ਲੁਧਿਆਣਾ ਕਰ ਦਿੱਤਾ ਗਿਆ ਸੀ।
ਕਰੀਬ ਦੋ ਸਾਲਾਂ ਮਗਰੋਂ ਮੁੜ ਆਪਣੇ ਪਹਿਲਾਂ ਵਾਲੇ ਰੂਟ ਉਪਰ ਇਹ ਗੱਡੀ ਚਾਲੂ ਹੋਈ ਹੈ। ਇਸ ਦੇ ਨਾਲ ਹੀ ਕਾਂਗਰਸ ਅਤੇ ਆਪ ਵਿਚਕਾਰ ਕ੍ਰੇਡਿਟ ਵਾਰ ਵੀ ਛਿੜ ਗਈ। ਦੋਵਾਂ ਪਾਰਟੀਆਂ ਦੇ ਆਗੂਆਂ ਨੇ ਇਸ ਨੂੰ ਆਪਣੇ-ਆਪਣੇ ਉਪਰਾਲੇ ਦੱਸਿਆ। ਸਾਂਸਦ ਤੋਂ ਪਹਿਲਾਂ ਹੀ ਖੰਨਾ ਰੇਲਵੇ ਸਟੇਸ਼ਨ ਉਪਰ ਅਕਾਲੀ-ਭਾਜਪਾ ਆਗੂਆਂ ਨੇ ਗੱਡੀ ਰੋਕ ਕੇ ਲੱਡੂ ਵੀ ਵੰਡੇ।
ਸਰਹਿੰਦ ਜੰਕਸ਼ਨ ਵਿਖੇ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣ ਪੁੱਜੇ ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਸਾਂਸਦ ਡਾ. ਅਮਰ ਸਿੰਘ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਹੈ। ਇੱਥੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ ਛੋਟੇ ਬੱਚਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਦੂਜੇ ਪਾਸੇ ਨਾਂਦੇੜ ਸਾਹਿਬ ਗੁਰੂ ਸਾਹਿਬ ਦੀ ਸ਼ਹੀਦੀ ਹੋਈ।
ਇਸ ਧਰਤੀ ਤੋਂ ਜੇਕਰ ਉਸ ਧਰਤੀ ਤੱਕ ਜਾਣ ਲਈ ਸਾਧਨ ਨਹੀਂ ਹੋਵੇਗਾ ਤਾਂ ਇਹ ਬੜੀ ਨਿਰਾਸ਼ਾਜਨਕ ਸੀ। ਇਸ ਲਈ ਉਹਨਾਂ ਨੇ ਬਹੁਤ ਵਾਰ ਕੇਂਦਰੀ ਰੇਲ ਮੰਤਰੀ ਨਾਲ ਮੁਲਾਕਾਤ ਕੀਤੀ, ਚਿੱਠੀਆਂ ਲਿਖੀਆਂ ਗਈਆਂ। ਰੇਲਵੇ ਦੇ ਅਧਿਕਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਗਈ।