ਫ਼ਤਿਹਗੜ੍ਹ ਸਾਹਿਬ: ਨਾਰਵੇ ਸਰਕਾਰ ਨੇ ਪਾਸਪੋਰਟ ਲਈ ਫੋਟੋ ਖਿਚਵਾਉਣ ਸਮੇਂ ਪੱਗ ਨੂੰ ਕੰਨਾਂ ਤੋਂ ਉੱਪਰ ਕਰਨ ਦਾ ਕਾਨੂੰਨ ਬਣਾ ਦਿੱਤਾ ਸੀ। ਇਸ ਕਾਨੂੰਨ ਵਿਰੁੱਧ ਨਾਰਵੇ ਦੇ ਸਿੱਖਾਂ ਵੱਲੋਂ ਲੜਾਈ ਲੜੀ ਜਾ ਰਹੀ ਸੀ। ਇਸ ਲੜਾਈ ਨੂੰ ਨਾਰਵੇ ਸ਼ਹਿਰ ਦੇ ਦਰਾਮਨ ਦੇ ਪਹਿਲੇ ਸਿੱਖ ਮਿਊਂਸੀਪਲ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਅੱਗੇ ਹੋ ਕੇ ਲੜਿਆ ਹੈ। ਇਸ ਜੱਦੋ ਜਹਿਦ ਵਿੱਚ ਹੁਣ ਖ਼ੁਸ਼ਖਬਰੀ ਵਾਲੀ ਖ਼ਬਰ ਇਹ ਆਈ ਹੈ ਕਿ ਨਾਰਵੇ ਸਰਕਾਰ ਨੇ ਸਿੱਖਾਂ ਦੀ ਮੰਗ ਨੂੰ ਮੰਨ ਦੇ ਹੋਏ ਇਹ ਕਾਨੂੰਨ ਖਤਮ ਕਰ ਦਿੱਤਾ ਹੈ।
ਨਾਰਵੇ ਸਰਕਾਰ ਨੇ ਮੰਨੀ ਸਿੱਖਾਂ ਦੀ ਮੰਗ, ਮੁੜ ਬਹਾਲ ਹੋਈ ਦਸਤਾਰ ਦੀ ਸ਼ਾਨ ਇਸ ਸਬੰਧੀ ਅਪਣੇ ਗ੍ਰਹਿ ਸਰਹਿੰਦ ਵਿਖੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਪਾਲ ਸਿੰਘ ਦੀ ਸੱਸ ਪਰਮਜੀਤ ਕੌਰ ਸਰਹਿੰਦ ਨੇ ਦਸਿਆ ਕਿ ਨਾਰਵੇ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਕੰਨਾਂ ਤੋਂ ਦਸਤਾਰ ਚੁੱਕ ਕੇ ਪਾਸਪੋਰਟ ਉਤੇ ਫ਼ੋਟੋ ਲਵਾਉਣ ਲਈ ਕਾਨੂੰਨ ਪਾਸ ਕੀਤਾ ਤਾਂ ਸਿੱਖ ਭਾਈਚਾਰੇ ਨੇ ਦਸਤਾਰ ਦੀ ਬੇਅਦਬੀ ਮਹਿਸੂਸ ਕੀਤੀ। ਅੰਮ੍ਰਿਤਪਾਲ ਸਿੰਘ ਨੇ ਯੰਗ ਸਿੱਖ ਜਥੇਬੰਦੀ ਅਤੇ ਹੋਰ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਇਸ ਫ਼ੈਸਲੇ ਦੀ ਵਿਰੋਧਤਾ ਕੀਤੀ ਅਤੇ ਇਹ ਫ਼ੈਸਲਾ ਬਦਲਣ ਲਈ ਸਰਕਾਰ ਨਾਲ ਲਗਾਤਾਰ ਰਾਬਤਾ ਰਖਿਆ।
ਨਾਰਵੇ ਸਰਕਾਰ ਨੇ ਮੰਨੀ ਸਿੱਖਾਂ ਦੀ ਮੰਗ, ਮੁੜ ਬਹਾਲ ਹੋਈ ਦਸਤਾਰ ਦੀ ਸ਼ਾਨ ਕਾਫ਼ੀ ਅਰਸੇ ਪਿਛੋਂ ਆਖ਼ਰ ਸਰਕਾਰ ਨੇ ਨਵੇਂ ਕਾਨੂੰਨ ਵਿੱਚ ਸੋਧ ਕਰ ਦਿਤੀ ਹੈ ਜਿਸ ਅਨੁਸਾਰ ਸਿੱਖ ਭਾਈਚਾਰਾ ਅਪਣੀ ਦਸਤਾਰ ਦੀ ਸ਼ਾਨ ਨੂੰ ਕਾਇਮ ਰੱਖ ਕੇ ਪਾਸਪੋਰਟ ਉਤੇ ਫ਼ੋਟੋ ਲਵਾ ਸਕੇਗਾ। ਨਵੇਂ ਕਾਨੂੰਨ ਬਾਰੇ ਨਾਰਵੇ ਦੀ ਲਾਅ ਮੰਤਰੀ ਮੋਨਿਕਾ ਮੇਲਾਂਦ ਨੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ, ਓਸਲੋ (ਨਾਰਵੇ) ਵਿਖੇ ਉਕਤ ਫ਼ੈਸਲੇ ਦਾ ਐਲਾਨ ਕੀਤਾ। ਮਿਊਂਸੀਪਲ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਅਤੇ ਸਿੱਖਾਂ ਨੇ ਨਾਰਵੇ ਸਰਕਾਰ ਦਾ ਧੰਨਵਾਦ ਕੀਤਾ।
ਇਸ ਜੱਦੋ ਜਹਿਦ ਵਿੱਚ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਸਹਿਯੋਗ ਕੀਤਾ ਸੀ। ਨਾਰਵੇ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਚੰਦੂਮਾਜਰਾ ਨੇ ਅੰਮ੍ਰਿਤਪਾਲ ਸਿੰਘ ਅਤੇ ਸਿੱਖ ਜੱਥੇਬੰਦੀਆਂ ਨੂੰ ਵਧਾਈ ਦਿੱਤੀ ਹੈ।
ਦੇਸ਼ ਵਿਦੇਸ਼ ਵਿੱਚੋਂ ਅੰਮ੍ਰਿਤਪਾਲ ਸਿੰਘ ਅਤੇ ਯੰਗ ਸਿੱਖ ਜਥੇਬੰਦੀ ਨੂੰ ਵਧਾਈਆਂ ਮਿਲ ਰਹੀਆਂ ਹਨ। ਇਥੇ ਇਹ ਵੀ ਦਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਪਿਛਲੇ ਸਮੇਂ ਇਸ ਮਸਲੇ ਸਬੰਧੀ ਭਾਰਤ ਆਏ ਸਨ ਅਤੇ ਭਾਰਤ ਸਰਕਾਰ ਨੂੰ ਇਸ ਸਬੰਧੀ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ।