ਫਤਹਿਗੜ੍ਹ ਸਾਹਿਬ: ਅੰਧੇਰਾ ਹੋਣ ਤੋਂ ਬਾਅਦ ਸੁਰਜ ਜ਼ਰੂਰ ਚੜ੍ਹਦਾ ਹੈ, ਇਸ ਲਈ ਮਿਹਨਤ ਕਰਕੇ ਹਰ ਚੀਜ਼ ਨੂੰ ਪਾਇਆ ਜਾ ਸਕਦਾ ਹੈ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਚਰਨਾਥਲ ਖ਼ੁਰਦ ਦੇ ਵਿੱਚ। ਜਿੱਥੇ ਸੁਨੀਤਾ ਦੇਵੀ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ, ਹਿੰਮਤ ਨਾ ਹਾਰਦੇ ਹੋਏ, ਸ੍ਰੀ ਗੁਰੂ ਅਰਜਨ ਦੇ ਸੈਲਫ਼ ਹੈਲਪ ਗਰੁੱਪ ਅਤੇ ਦੇਵੀ ਅੰਨਪੂਰਨਾ ਗਰੁੱਪ ਬਣਾਇਆ ਤੇ ਆਪਣੇ ਘਰ ਦੇ ਆਰਥਿਕ ਹਾਲਾਤ ਬਦਲੇ।
ਇਨ੍ਹਾਂ ਮਾਂਵਾਂ-ਧੀਆਂ ਨੇ ਸੰਵਾਰੀ ਕਈ ਔਰਤਾਂ ਦੀ ਜ਼ਿੰਦਗੀ ਇਸ ਮੌਕੇ ਗੱਲਬਾਤ ਕਰਦੇ ਹੋਏ ਸੁਨੀਤਾ ਦੇਵੀ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਸੈਲਫ ਹੈਲਪ ਗਰੁੱਪ ਦੇ ਵਿੱਚ ਉਹ ਸਿਲਾਈ ਕਢਾਈ, ਫੁਲਕਾਰੀ ਦਾ ਕੰਮ ਕਰਦੀਆਂ ਹਨ ਅਤੇ ਦੇਵੀ ਅੰਨਪੂਰਨਾ ਗਰੁੱਪ ਦੇ ਵਿੱਚ ਉਹ ਖਾਣ ਵਾਲਾ ਸਮਾਨ ਬਣਾਉਂਦੇ ਹਨ ਜਿਸ ਦੇ ਵਿੱਚ ਤਕਰੀਬਨ 70 ਦੇ ਕਰੀਬ ਔਰਤਾਂ ਜੁੜੀਆਂ ਹੋਈਆਂ ਹਨ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਹਨ।
ਉਹ ਦੇਸ਼ ਦੇ ਵਿੱਚ ਲੱਗਣ ਵਾਲੇ ਸਾਰਸ ਮੇਲੇ ਅਤੇ ਹੈਂਡ ਕਰਾਫਟ ਮੇਲੇ ਦਾ ਹਿੱਸਾ ਵੀ ਬਣਦੀਆਂ ਹਨ। ਸੁਨੀਤਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਗਰੁੱਪ ਬਣਾ ਕੇ ਇਹ ਕੰਮ ਸ਼ੁਰੂ ਕੀਤਾ।
ਉੱਥੇ ਹੀ ਇਸ ਗਰੁੱਪ ਬਾਰੇ ਸੁਨੀਤਾ ਦੇਵੀ ਦੀ ਬੇਟੀ ਬੇਅੰਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੈਲਫ ਹੈਲਪ ਗਰੁੱਪ ਨੂੰ 2012 ਦੇ ਵਿੱਚ ਬਣਾਇਆ ਗਿਆ ਤੇ ਇਸ ਨੂੰ 2017 ਦੇ ਵਿੱਚ ਬਿਜਨੈਸ ਦੇ ਤੌਰ ਤੇ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਦੇਸ਼ ਦੇ ਵਿੱਚ ਹੋਣ ਵਾਲੇ ਸਾਰਸ ਮੇਲੇ ਦੇ ਵਿੱਚ ਸਟਾਲ ਲਗਾਈ ਜਾਂਦੀ ਹੈ।
ਉਨ੍ਹਾਂ ਕਿਹਾ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਦਾ ਹੈ ਕਿ ਉਨ੍ਹਾਂ ਦੇ ਗਰੁੱਪ ਨਾਲ ਜੁੜ ਕੇ ਕਿਸੇ ਨੂੰ ਕੰਮ ਮਿਲ ਰਿਹਾ ਹੈ। ਔਰਤਾਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਕੰਮ ਜ਼ਰੂਰ ਕਰਨੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕੀਏ।