ਸ੍ਰੀ ਫ਼ਤਿਹਗੜ੍ਹ ਸਾਹਿਬ: ਦੇਸ਼ ਵਿੱਚ ਲੱਗੇ ਲੌਕਡਾਊਨ ਕਾਰਨ ਕਾਰੋਬਾਰ ਪ੍ਰਵਾਭਿਤ ਹੋਏ ਹਨ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਵਿੱਚ ਕਾਰੋਬਾਰ ਬੰਦ ਹੋਣ ਦੇ ਕਾਰਨ ਲੋਕਾਂ ਦਾ ਗੁਜ਼ਾਰਾ ਕਰਨਾ ਵੀ ਔਖਾ ਹੈ, ਉਥੇ ਹੀ ਸਰਕਾਰ ਵਲੋਂ ਲੋਕਾਂ ਨੂੰ ਬਿਜਲੀ ਦੇ ਬਿੱਲ ਭੇਜ ਕੇ ਭਰਨ ਲਈ ਕਿਹਾ ਜਾ ਰਿਹਾ ਹੈ।
ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਵਿਚ ਇਕ ਵਫਦ ਡਿਪਟੀ ਕਮਿਸ਼ਨਰ ਅਮ੍ਰਿਤ ਕੌਰ ਗਿੱਲ ਨੂੰ ਮਿਲਿਆ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਮੰਗ ਪੱਤਰ ਸੌਂਪਿਆ।
ਅਮਰਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਸਭ ਕੁੱਝ ਠੱਪ ਹੋ ਗਿਆ ਹੈ। ਇਸ ਲਈ ਪੰਜਾਬ ਵਿਚ ਪਿਛਲੇ ਲਗਭਗ ਢਾਈ ਮਹੀਨੇ ਤੋਂ ਪੰਜਾਬ ਸਰਕਾਰ ਦੇ ਹੁਕਮਾਂ ਉੱਤੇ ਕਰਫਿਊ ਅਤੇ ਲੌਕਡਾਊਨ ਹੋਣ ਕਰਕੇ ਲੋਕਾਂ ਦੇ ਕਾਰੋਬਾਰ ਬੰਦ ਪਏ ਹਨ ਅਤੇ ਲੋਕ 2 ਮਹੀਨੇ ਤੋਂ ਵੀ ਵੱਧ ਸਮਾ ਘਰਾਂ ਵਿਚ ਹੀ ਰਹੇ। ਇਸ ਨਾਲ ਹਰੇਕ ਵਰਗ ਦੇ ਲੋਕ ਪ੍ਰਭਾਵਿਤ ਹੋਏ।
ਵਕੀਲਾਂ ਦੇ ਚੈਂਬਰ ਵੀ ਮਾਣਯੋਗ ਅਦਾਲਤਾਂ ਬੰਦ ਹੋਣ ਕਰਕੇ ਬੰਦ ਹੀ ਰਹੇ। ਗਰੀਬ ਵਰਗ ਅਤ ਮੱਧ ਵਰਗ ਇਸ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਇਸ ਲਈ ਮੌਜੂਦਾ ਸਮੇਂ ਵਿੱਚ ਹਰ ਵਿਅਕਤੀ ਲਈ ਘਰ ਦਾ ਗੁਜ਼ਾਰਾ ਕਰਨਾ ਔਖਾ ਹੈ। ਪਾਵਰਕਾਮ ਪੰਜਾਬ ਵੱਲੋਂ ਲੋਕਾ ਨੂੰ ਬਿੱਲ ਭੇਜ ਕੇ ਭਰਨ ਲਈ ਕਿਹਾ ਜਾ ਰਿਹਾ ਹੈ ਜਦ ਕਿ ਕਾਰੋਬਾਰ ਬੰਦ ਹਨ ਤਾਂ ਗਰੀਬ ਲੋਕ ਬਿਲ ਕਿਵੇਂ ਭਰਨਗੇ ?
ਇਸੇ ਤਰ੍ਹਾਂ ਵਕੀਲਾ ਦੇ ਚੈਂਬਰ ਵੀ ਬੰਦ ਸਨ ਪਰ ਬਿਜਲੀ ਵਿਭਾਗ ਵੱਲੋਂ ਪਿਛਲੇ ਸਾਲ ਦੇ ਹਿਸਾਬ ਨਾਲ ਬਿਲ ਭੇਜੇ ਜਾ ਰਹੇ ਹਨ, ਜੋ ਕਿ ਲੋਕਾ ਨਾਲ ਧੱਕਾ ਹੈ। ਜੋ ਪਿਛਲੇ ਢਾਈ ਮਹੀਨੇ ਦੇ ਬਿਜਲੀ ਦੇ ਬਿਲ ਭੇਜੇ ਗਏ ਹਨ ਉਹ ਵਾਪਸ ਲਏ ਜਾਣ ਅਤੇ ਘਰਾ ਦੇ ਬਿਲ ਅੱਧੇ ਭਰਵਾਏ ਜਾਣ ਤਾਂ ਜੋ ਲੋਕਾ ਨੂੰ ਥੋੜੀ ਰਾਹਤ ਮਿਲ ਸਕੇ। ਪੰਜਾਬ ਦੇ ਜ਼ਿਆਦਾਤਰ ਲੋਕ ਗਰੀਬ ਹਨ ਅਤੇ ਘਰ ਦਾ ਗੁਜ਼ਾਰਾ ਕਰਨਾ ਔਖਾ ਹੈ, ਫਿਰ ਲੋਕ ਕਾਰੋਬਾਰ ਬੰਦ ਹੋਣ ਉੱਤੇ ਬਿਜਲੀ ਦੇ ਬਿਲ ਕਿਸ ਤਰ੍ਹਾਂ ਭਰਨਗੇ। ਇਸ ਲਈ ਸਰਕਾਰ ਨੂੰ ਅਜਿਹੇ ਲੋਕ ਮਾਰੂ ਫੈਸਲੇ ਵਾਪਸ ਲੇਣੇ ਚਾਹੀਦੇ ਹਨ।