ਫ਼ਤਿਹਗੜ੍ਹ ਸਾਹਿਬ: ਪੰਜਾਬ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਂਆਂ ਹਦਾਇਤਾਂ ਨੂੰ ਲੋਕਾਂ ਵਿੱਚ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਫ਼ਤਿਹਗੜ੍ਹ ਸਾਹਿਬ ਵਿੱਚ ਜਿੱਥੇ ਬਾਜ਼ਾਰ ਬੰਦ ਰਹੇ, ਉੱਥੇ ਮੈਡੀਕਲ ਦੀਆਂ ਦੁਕਾਨਾਂ ਹੀ ਖੋਲ੍ਹੀਆਂ ਵਿਖਾਈ ਦਿੱਤੀਆਂ।
ਫ਼ਤਿਹਗੜ੍ਹ ਸਾਹਿਬ 'ਚ ਲਾਕ-ਡਾਊਨ ਨੂੰ ਮਿਲ ਰਿਹੈ ਰਲਵਾਂ-ਮਿਲਵਾਂ ਹੁੰਗਾਰਾ ਇਸਦੇ ਨਾਲ ਹੀ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਲੋਹੇ ਦੀਆਂ ਉਦਯੋਗਿਕ ਇਕਾਈਆਂ ਨੂੰ ਖੁੱਲ੍ਹੀਆਂ ਰੱਖਣ ਦੀ ਇਜ਼ਾਜਤ ਦਿੱਤੀ ਗਈ ਹੈ। ਸਰਕਾਰ ਵੱਲੋਂ ਉਦਯੋਗਿਕ ਇਕਾਈਆਂ ਖੁੱਲ੍ਹਣ ਦੇ ਕਾਰਨ ਉੱਥੇ ਅਨਲੋਡ ਅਤੇ ਲੋਡਿੰਗ ਦਾ ਕੰਮ ਚੱਲਦਾ ਰਿਹਾ, ਜਿਸ ਦੇ ਕਾਰਨ ਸ਼ਹਿਰ ਵਿੱਚ ਟਰੱਕਾਂ ਦੀ ਆਵਾਜਾਈ ਦੇਖਣ ਨੂੰ ਮਿਲੀ।
ਉਦਯੋਗਿਕ ਇਕਾਈਆਂ ਖੁੱਲ੍ਹਣ ਕਾਰਨ ਇੱਥੇ ਲੇਬਰ ਵੀ ਦਿਖਾਈ ਦਿੱਤੀ। ਸ਼ਹਿਰ ਵਿੱਚ ਰਿਕਸ਼ਾ ਰੇਹੜੀ ਅਤੇ ਹੋਰ ਦਿਹਾੜੀ ਕਰਨ ਵਾਲੇ ਵੀ ਬੈਠੇ ਕੰਮ ਦੀ ਉਡੀਕ ਕਰ ਰਹੇ ਸਨ। ਇਸ ਮੌਕੇ ਲੇਬਰ ਵਾਲਿਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਹੋਰ ਸਖ਼ਤੀ ਨਾਲ ਲੌਕਡਾਉਨ ਲੱਗ ਜਾਂਦਾ ਹੈ ਤਾਂ ਉਨ੍ਹਾਂ ਨੂੰ ਫਿਰ ਤੋਂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੇਬਰ ਅਤੇ ਛੋਟੇ ਕਾਰੋਬਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।