ਫਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਚੱਲ ਰਹੇ ਲੌਕਡਾਊਨ ਨੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹੈ। ਲੋਕਾਂ ਆਪਣੇ ਰਹਿਣ ਸਹਿਣ ਤੋਂ ਲੈ ਕੇ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰ ਰਹੇ ਹਨ। ਹੁਣ ਹਾਲਾਤ ਅਜਿਹੇ ਹਨ ਕਿ ਬਾਜ਼ਾਰ ਵਿੱਚ ਜ਼ਰੂਰਤ ਦਾ ਸਾਮਾਨ ਲੈਣ ਦੇ ਲਈ ਹੀ ਲੋਕ ਬਾਹਰ ਨਿਕਲ ਰਹੇ ਹਨ।
ਲੌਕਡਾਊਨ ਕਾਰਨ ਵਾਤਾਵਰਣ ਹੋਇਆ ਸਾਫ਼, ਲੋਕਾਂ ਨੇ ਜਤਾਈ ਖੁਸ਼ੀ ਜੇ ਗੱਲ ਵਾਤਾਵਰਨ ਦੀ ਕੀਤੀ ਜਾਵੇ ਤਾਂ ਲੌਕਡਾਊਨ ਦਾ ਵੱਡਾ ਅਸਰ ਵਾਤਾਵਰਣ 'ਚ ਦੇਖਣ ਨੂੰ ਮਿਲਿਆ ਹੈ ਕਿਉਂਕਿ ਦੇਸ਼ ਵਿੱਚ ਚੱਲ ਰਹੀਆਂ ਉਦਯੋਗਿਕ ਇਕਾਈਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲੇ ਧੂੰਏਂ ਦੇ ਕਾਰਨ ਵਾਤਾਵਰਣ ਬਹੁਤ ਪ੍ਰਦੂਸ਼ਿਤ ਹੋ ਗਿਆ ਸੀ, ਲੌਕਡਾਉਨ ਦੇ ਦੌਰਾਨ ਫੈਕਟਰੀਆਂ ਬੰਦ ਹੋਣ ਦੇ ਕਾਰਨ ਇਸ ਵਿੱਚ ਬਦਲਾਅ ਦੇਖਣ ਮਿਲ ਰਿਹਾ ਹੈ।
ਇਸੇ ਤਰ੍ਹਾਂ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਵੀ ਲੌਕਡਾਊਨ ਦੇ ਦੌਰਾਨ ਵਾਤਾਵਰਣ ਸਾਫ਼ ਦੇਖਣ ਨੂੰ ਮਿਲਿਆ। ਇੱਥੋਂ ਦੀਆਂ ਵੱਡੀਆਂ ਤੇ ਛੋਟੀਆਂ ਫੈਕਟਰੀਆਂ 400 ਦੇ ਲਗਭਗ ਹਨ। ਵਾਤਾਵਰਣ ਸਬੰਧੀ ਈਟੀਵੀ ਭਾਰਤ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਲੋਕਾਂ ਦਾ ਕਹਿਣਾ ਸੀ ਕਿ ਇਸ ਵਾਰ ਮੌਸਮ ਬਹੁਤ ਸਾਫ਼ ਹੋਇਆ ਹੈ ਕਿਉਂਕਿ ਪਿਛਲੇ 50 ਦਿਨ ਤੋਂ ਫੈਕਟਰੀਆਂ ਬੰਦ ਹਨ। ਇਨ੍ਹਾਂ ਵਿੱਚੋਂ ਨਿਕਲਣ ਵਾਲਾ ਧੂੰਆਂ ਵਾਤਾਵਰਣ ਨੂੰ ਖ਼ਰਾਬ ਨਹੀਂ ਕਰ ਰਿਹਾ ਹੈ।
ਲੋਕਾਂ ਨੇ ਕਿਹਾ ਕਿ ਪਹਿਲਾਂ ਵਾਤਾਵਰਣ ਪ੍ਰਦੂਸ਼ਣ 350 ਦੇ ਕਰੀਬ ਜਾਂਚਿਆ ਗਿਆ ਸੀ ਪਰ ਲੌਕਡਾਊਨ ਦੇ ਦੌਰਾਨ ਬੰਦ ਹੋਈਆਂ ਫੈਕਟਰੀਆਂ ਦੇ ਕਾਰਨ ਹੁਣ ਮੰਡੀ ਗੋਬਿੰਦਗੜ੍ਹ ਦਾ ਪ੍ਰਦੂਸ਼ਣ 50 ਤੋਂ ਥੱਲ੍ਹੇ ਆ ਗਿਆ ਹੈ। ਇਸ ਦੇ ਨਾਲ ਵਾਤਾਵਰਣ ਸਾਫ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਅਸੀਂ ਲੱਖਾਂ ਕਰੋੜਾਂ ਰੁਪਇਆਂ ਨਾਲ ਨਹੀਂ ਕਰ ਸਕਦੇ ਸੀ ਉਹ ਇਸ ਲੌਕਡਾਊਨ ਵਿੱਚ ਹੋ ਗਿਆ ਹੈ। ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਬਚਪਨ ਦੇ ਵਿੱਚ ਆਪਣੇ ਪਿੰਡਾਂ ਵਿੱਚ ਇਨ੍ਹਾਂ ਸਾਫ਼ ਵਾਤਾਵਰਣ ਦੇਖਿਆ ਸੀ ਜੋ ਕਿ ਬਹੁਤ ਸਾਲਾਂ ਬਾਅਦ ਹੁਣ ਦੇਖਣ ਨੂੰ ਮਿਲਿਆ ਹੈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਛੱਤਾਂ ਤੋਂ ਪਹਾੜ ਵੀ ਨਜ਼ਰ ਆਉਂਦੇ ਹਨ ਅਤੇ ਰਾਤ ਦੇ ਸਮੇਂ ਤਾਰੇ ਟਿਮਟਿਮਾਉਂਦੇ ਸਾਫ਼ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਵਾਤਾਵਰਣ ਪਸ਼ੂ ਪੰਛੀਆਂ ਦੇ ਲਈ ਵੀ ਵਧੀਆ ਹੈ।
ਜੇਕਰ ਗੱਲ ਹਵਾ ਪ੍ਰਦੂਸ਼ਣ ਦੇ ਨਾਲ ਹੋ ਰਹੀਆਂ ਬਿਮਾਰੀਆਂ ਦੀ ਕੀਤੀ ਜਾਵੇ ਤਾਂ ਲੋਕਾਂ ਦਾ ਕਹਿਣਾ ਸੀ ਕਿ ਹੁਣ ਵਾਤਾਵਰਣ ਵਿੱਚ ਆਏ ਸੁਧਾਰ ਦੇ ਕਾਰਨ ਲੋਕਾਂ ਨੂੰ ਸਾਹ ਦੀ ਬਿਮਾਰੀ ਦੀ ਸਮੱਸਿਆ ਨਹੀਂ ਹੈ। ਵਾਤਾਵਰਣ ਪ੍ਰਦੂਸ਼ਣ ਦੇ ਨਾਲ ਕਈ ਲੋਕਾਂ ਨੂੰ ਚਮੜੀ, ਵਾਲ ਝੜਨ ਅਤੇ ਸਾਹ ਆਦਿ ਦੀ ਬੀਮਾਰੀ ਹੋ ਜਾਂਦੀ ਸੀ ਜਿਸ ਦੇ ਵਿੱਚ ਹੁਣ ਵੱਡਾ ਸੁਧਾਰ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਮਹੀਨੇ ਦੇ ਵਿੱਚ ਇੱਕ ਦਿਨ ਪੂਰਾ ਲੌਕਡਾਊਨ ਰੱਖਣਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਸ਼ੁੱਧ ਰੱਖਿਆ ਜਾ ਸਕੇ ।