ਫਤਹਿਗੜ੍ਹ ਸਾਹਿਬ :ਜਿਲ੍ਹਾ ਖੰਨਾ ਪੁਲਿਸ ਦੇ ਥਾਣਾ ਸਮਰਾਲਾ ਦੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਜੰਮੂ-ਕਸ਼ਮੀਰ ਦੀ ਜੇਲ ’ਚੋਂ ਸਾਲ 2021 ਵਿੱਚ 1 ਮਹੀਨੇ ਦੀ ਛੁੱਟੀ ਲੈਣ ਉਪਰੰਤ ਭਗੋੜੇ ਹੋਏ ਵਿਅਕਤੀ ਨੂੰ ਅਫ਼ੀਮ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਅਪਰਾਧੀ ਪੰਜਾਬ ਅੰਦਰ ਬੇਖੌਫ਼ ਹੋਕੇ ਨਸ਼ਿਆਂ ਦਾ ਵੱਡੇ ਪੱਧਰ ’ਤੇ ਕਾਰੋਬਾਰ ਕਰਨ ਵਿਚ ਲੱਗਿਆ ਹੋਇਆ ਸੀ। ਗ੍ਰਿਫਤਾਰੀ ਵੇਲੇ ਪੁਲਿਸ ਨੇ ਇਸ ਨਸ਼ਾ ਤਸਕਰ ਕੋਲੋਂ 2 ਕਿੱਲੋ 600 ਗ੍ਰਾਮ ਅਫੀਮ ਬਰਾਮਦ ਕੀਤੀ ਅਤੇ ਪੁਲਿਸ ਨੂੰ ਇਹ ਵੀ ਪਤਾ ਚੱਲਿਆ ਹੈ ਕਿ ਇਸ ਨੇ ਨਸ਼ਿਆਂ ਦੇ ਕਾਰੋਬਾਰ ਤੋਂ ਕਾਫੀ ਜਾਇਦਾਦ ਵੀ ਬਣਾ ਲਈ ਹੈ।
ਗੁਪਤ ਸੂਚਨਾ 'ਤੇ ਕੀਤੀ ਕਾਰਵਾਈ : ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਬਹਿਲੋਲਪੁਰ ਰੋਡ ਵਿਖੇ ਰਹਿ ਰਹੇ ਅ੍ਰਮਿਤਪਾਲ ਸਿੰਘ ਬਾਰੇ ਇਤਲਾਹ ਮਿਲੀ ਸੀ, ਕਿ ਉਹ ਪੰਜਾਬ ਵਿੱਚ ਬਹੁਤ ਵੱਡੇ ਪੱਧਰ ’ਤੇ ਅਫ਼ੀਮ ਅਤੇ ਹੋਰ ਨਸ਼ੇ ਸਪਲਾਈ ਕਰਨ ਦਾ ਕੰਮ ਕਰ ਰਿਹਾ ਹੈ। ਇਸ ’ਤੇ ਕਾਰਵਾਈ ਕਰਦੇ ਹੋਏ ਜਦੋਂ ਪੁਲਿਸ ਨੇ ਨਾਕਾਬੰਦੀ ਕਰਕੇ ਸਵੀਫ਼ਟ ਕਾਰ ਵਿਚ ਆ ਰਹੇ ਇਸ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾ ਉਸ ਕੋਲੋ 2 ਕਿੱਲੋ 600 ਗ੍ਰਾਮ ਅਫੀਮ ਬਰਾਮਦ ਹੋਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਰਿਮਾਂਡ ਵਿਚ ਪਤਾ ਲੱਗਿਆ ਹੈ ਕਿ ਇਸ ਦੇ ਬਾਹਰਲੇ ਰਾਜਾਂ ਵਿਚ ਰਹਿੰਦੇ ਨਸ਼ਾ ਤਸਕਰਾਂ ਨਾਲ ਸੰਬੰਧ ਹਨ ਅਤੇ ਇਹ ਆਨ ਲਾਈਨ ਉਨ੍ਹਾਂ ਦੇ ਖਾਤਿਆਂ ਵਿਚ ਰਕਮ ਪਾ ਦਿੰਦਾ ਹੈ ਅਤੇ ਉਸ ਨੂੰ ਸਮਰਾਲਾ ਵਿਖੇ ਹੀ ਅਫੀਮ ਦੀ ਖੇਪ ਪਹੁੰਚ ਜਾਂਦੀ ਸੀ। ਹਾਲ ਵਿਚ ਹੀ ਇਸ ਤਸਕਰ ਨੇ 5 ਕਿੱਲੋ ਅਫੀਮ ਮੰਗਵਾਈ ਸੀ, ਜਿਸ ਵਿਚੋਂ ਅੱਧੀ ਦੇ ਕਰੀਬ ਅਫੀਮ ਉਹ ਅੱਗੇ ਸਪਲਾਈ ਕਰ ਚੁੱਕਾ ਸੀ ਅਤੇ ਬਾਕੀ ਦੀ ਪੁਲਿਸ ਨੇ ਫੜ੍ਹ ਲਈ ਹੈ।