ਸ੍ਰੀ ਫ਼ਤਿਹਗੜ੍ਹ ਸਾਹਿਬ:ਪਿਛਲੇ ਦਿਨੀਂ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਨਿੱਜੀ ਯੂਨੀਵਰਸਿਟੀ 'ਚ ਧਰਨੇ 'ਤੇ ਬੈਠੀਆਂ ਕਸ਼ਮੀਰੀ ਵਿਦਿਆਰਥਣਾਂ ਦੀ ਪੁਲਿਸ ਵਲੋਂ ਖਿੱਚਧੂਹ ਕੀਤੀ ਗਈ ਸੀ। ਜਿਸ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ। ਇਸ ਨੂੰ ਲੈਕੇ ਜਿਥੇ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਨੇ ਇਸ ਦੀ ਨਿੰਦਾ ਕੀਤੀ ਸੀ ਤਾਂ ਉਥੇ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਵਿਦਿਆਰਥਣਾਂ ਦੇ ਧਰਨੇ ਦੀ ਹਮਾਇਤਾਂ ਕਰਦਿਆਂ ਸਰਕਾਰ ਤੋਂ ਸਮਾਂ ਰਹਿੰਦੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮੁੱਖ ਮੰਤਰੀ ਨੂੰ ਬਾਜਵਾ ਦੀ ਚਿੱਠੀ:ਆਪਣੀ ਚਿੱਠੀ 'ਚ ਪ੍ਰਤਾਪ ਬਾਜਵਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਚੀਫ਼ ਸੈਕਟਰੀ ਪੰਜਾਬ ਅਨੁਰਾਗ ਵਰਮਾ ਨੂੰ ਲਿਖਿਆ ਕਿ ਉਨ੍ਹਾਂ ਵਲੋਂ ਜੰਮੂ ਅਤੇ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ, ਸ਼੍ਰੀਨਗਰ ਦੁਆਰਾ ਪੇਸ਼ ਕੀਤੀ ਗਈ ਇੱਕ ਪ੍ਰਤੀਨਿਧਤਾ ਅੱਗੇ ਭੇਜੀ ਜਾ ਰਹੀ ਹੈ। ਜਿਸ 'ਚ ਸਥਿਤੀ ਵੱਲ ਤੁਹਾਡਾ ਧਿਆਨ ਲਿਆਉਣਾ ਚਹੁੰਦਾ ਹਾਂ ਕਿ ਵਿਦਿਆਰਥੀਆਂ ਦੀ ਸਹਿਮਤੀ ਤੋਂ ਬਿਨਾਂ ਹੀ ਨਿੱਜੀ ਯੂਨੀਵਰਸਿਟੀ ਵਲੋਂ ਆਪਣੇ ਅਧੀਨ ਚੱਲ ਰਹੇ ਕਾਲਜ 'ਚ ਇੰਨ੍ਹਾਂ ਨੂੰ ਤਬਦੀਲ ਕੀਤਾ ਜਾ ਰਿਹਾ ਹੈ।
ਖ਼ਤਰੇ 'ਚ ਪਾਇਆ ਵਿਦਿਆਰਥਣਾਂ ਦਾ ਭਵਿੱਖ: ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਖ਼ਤਰੇ 'ਚ ਪਾਇਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਵਲੋਂ ਯੂਨੀਵਰਸਿਟੀ ਨੂੰ ਮਿਲੇ ਕੋਟੇ ਤੋਂ ਵੱਧ ਦਾਖ਼ਲੇ ਕੀਤੇ ਹਨ, ਜਿਸ ਕਾਰਨ ਉਹ ਵਿਦਿਆਰਥੀਆਂ ਨੂੰ ਕਾਲਜ 'ਚ ਤਬਦੀਲ ਕਰ ਰਹੇ ਹਨ। ਜਿਸ ਦਾ ਵਿਦਿਆਰਥੀ ਵਿਰੋਧ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਮਸਲੇ 'ਚ ਦਖ਼ਲ ਦੇਣ 'ਤੇ ਤੁਰੰਤ ਜਾਂਚ ਕਰਕੇ ਜਲਦ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਰੱਖੀ ਕਿ ਕਸ਼ਮੀਰੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜਾਵੇ। ਇਸ ਦੇ ਨਾਲ ਹੀ ਪ੍ਰਤਾਪ ਬਾਜਵਾ ਵਲੋਂ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਕਾਰਵਾਈ ਦੀ ਮੰਗ ਕੀਤੀ ਹੈ।