ਸ੍ਰੀ ਫ਼ਤਿਹਗੜ੍ਹ ਸਾਹਿਬ: ਸਰਕਾਰਾਂ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਵਾਅਦੇ ਤਾਂ ਬਹੁਤ ਕੀਤੇ ਜਾਂਦੇ ਹਨ, ਉਨ੍ਹਾਂ ਵਾਅਦਿਆ ਦੀ ਜ਼ਮੀਨੀ ਹਕੀਕਤ ਦੀ ਗੱਲ ਕੀਤੀ ਜਾਵੇ ਤਾਂ ਨਤੀਜਾ ਜ਼ੀਰੋ ਮਿਲਦਾ ਹੈ। ਨੌਜਵਾਨਾਂ ਨਾਲ ਨੌਕਰੀਆਂ ਦਾ ਵਾਅਦਾ ਹਰ ਵਾਰ ਜ਼ਰੂਰ ਕੀਤਾ ਜਾਂਦਾ ਹੈ, ਪਰ ਨੌਜਵਾਨਾਂ ਨੂੰ ਨੌਕਰੀਆਂ ਬਹੁਤ ਹੀ ਘੱਟ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜਿੱਥੇ ਨੌਕਰੀਆਂ ਵਿੱਚ ਅਲੱਗ ਅਲੱਗ ਵਰਗਾਂ ਲਈ ਵਿਸ਼ੇਸ਼ ਸਹੂਲਤਾਂ ਹੁੰਦੀਆਂ ਹਨ, ਉੱਥੇ ਹੀ ਨੌਕਰੀਆਂ ਵਿੱਚ ਅਪਾਹਜ ਵਿਅਕਤੀਆਂ ਲਈ ਵੀ ਵਿਸ਼ੇਸ਼ ਕੋਟਾ ਰੱਖਿਆ ਜਾਂਦਾ ਹੈ, ਪਰ ਇਸ ਕੋਟੇ ਦਾ ਅਪਾਹਜ ਵਿਅਕਤੀਆਂ ਨੂੰ ਕਿੰਨਾ ਕੁ ਲਾਭ ਮਿਲਦਾ ਹੈ, ਇਸ ਲਈ ਈਟੀਵੀ ਭਾਰਤ ਵੱਲੋਂ ਰਿਪੋਰਟ ਤਿਆਰ ਕੀਤੀ ਗਈ।
ਪੈਨਸ਼ਨ ਦੇ ਨਾਂਅ 'ਤੇ ਦਿੱਤੇ ਜਾ ਰਹੇ ਸਿਰਫ਼ 750 ਰੁਪਏ
ਸਰਕਾਰਾਂ ਵੱਲੋਂ ਅਪਾਹਜਾਂ ਨੂੰ ਮਿਲਦੀ ਸਹੂਲਤ ਬਾਰੇ ਜਾਣਨ ਲਈ ਈਟੀਵੀ ਭਾਰਤ ਨੇ ਕਾਰਪੋਰੇਸ਼ਨ ਫਾਰ ਚੈਲਿੰਜਰਜ਼ ਦੇ ਪ੍ਰਧਾਨ ਮਨਮੋਹਣ ਜਰਗਰ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਦਾ ਕਹਿਣਾ ਰਿਹਾ ਕਿ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਕਿ ਉਨ੍ਹਾਂ ਲਈ ਨੌਕਰੀਆਂ ਵਿੱਚ ਕੁਝ ਫੀਸਦੀ ਰਾਖਵਾਂਕਰਨ ਰੱਖਿਆ ਜਾਂਦਾ ਹੈ, ਪਰ ਅੱਜ ਦੇ ਸਮੇਂ ਵਿੱਚ ਅਪਾਹਜ ਵਿਅਕਤੀਆਂ ਲਈ ਨੌਕਰੀਆਂ ਮਿਲਣਾ ਆਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਅਪਾਹਜ ਵਿਅਕਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਸਮੇਂ ਸਮੇਂ 'ਤੇ ਸਰਕਾਰਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ, ਪਰ ਇਸ ਦਾ ਕੋਈ ਹੱਲ ਨਹੀਂ ਹੁੰਦਾ। ਨੌਕਰੀਆਂ ਦਾ ਕੋਟਾ ਸਿਰਫ਼ ਕਾਗਜ਼ਾਂ ਵਿੱਚ ਰਹਿ ਗਿਆ ਹੈ।