ਸ੍ਰੀ ਫਤਹਿਗੜ੍ਹ ਸਾਹਿਬ:ਖੰਨਾ ਦੀ ਇਕ ਡਾਂਸਰ ਲੜਕੀ ਦੇ ਪਿਆਰ ਦੇ ਚੱਕਰ ਵਿੱਚ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ। ਵਿਅਕਤੀ ਦੋ ਬੱਚਿਆਂ ਦਾ ਪਿਤਾ ਦੱਸਿਆ ਜਾ ਰਿਹਾ ਹੈ ਅਤੇ ਇਕ ਡਾਂਸਰ ਲੜਕੀ ਦੇ ਪਿਆਰ ਵਿੱਚ ਸੀ ਅਤੇ ਉਸੇ ਲੜਕੀ ਦੇ ਘਰ ਵਿਅਕਤੀ ਨੇ ਖੁਦਕੁਸ਼ੀ ਕੀਤੀ ਹੈ। ਲੜਕੀ ਨੇ ਆਪਣੇ ਭਰਾ ਅਤੇ ਦੋ ਦੋਸਤਾਂ ਨਾਲ ਰਲ ਕੇ ਆਪਣੇ ਪ੍ਰੇਮੀ ਦੀ ਲਾਸ਼ ਨੂੰ ਭਾਖੜਾ ਨਹਿਰ 'ਚ ਸੁੱਟਿਆ ਅਤੇ ਇਸ ਘਟਨਾ ਦਾ ਖੁਲਾਸਾ 12 ਦਿਨਾਂ ਬਾਅਦ ਹੋਇਆ ਹੈ।
4 ਲੋਕਾਂ ਖਿਲਾਫ ਮਾਮਲਾ ਦਰਜ : ਜਾਣਕਾਰੀ ਮੁਤਾਬਿਕ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ ਡਾਂਸਰ ਸਮੇਤ 4 ਲੋਕਾਂ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਅਤੇ ਸਬੂਤ ਖਤਮ ਕਰਨ ਦੇ ਇਲਜਾਮਾਂ ਹੇਠ ਮਾਮਲਾ ਦਰਜ ਕੀਤਾ ਹੈ। ਮੁਲਜਮਾਂ ਦੀ ਪਛਾਣ ਰਮਨਦੀਪ ਕੌਰ ਰਮਨੇ, ਉਸ ਦੇ ਭਰਾ ਪਵਨਦੀਪ ਸਿੰਘ ਪਵਨ ਵਾਸੀ ਜੋਗੀ ਪੀਰ ਕਾਲੋਨੀ ਰਤਨਹੇੜੀ, ਰਵੀ ਵਾਸੀ ਮੰਡੇਰਾ ਥਾਣਾ ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਕਾਲਾ ਵਾਸੀ ਰਤਨਹੇੜੀ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਇਕ ਮੁਲਜਮ ਗ੍ਰਿਫਤਾਰ ਕੀਤਾ ਗਿਆ ਹੈ। ਤਿੰਨ ਦੀ ਪੁਲਿਸ ਭਾਲ ਕਰ ਰਹੀ ਹੈ।