ਸ੍ਰੀ ਫਤਿਹਗੜ੍ਹ ਸਾਹਿਬ: ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮੰਡੀ ਗੋਬਿੰਦਗੜ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਵੀ ਕਿਹਾ ਜਾਂਦਾ ਹੈ। ਇਸ ਨੂੰ ਅੱਜ ਕੱਲ੍ਹ ਸਟੀਲ ਸਿਟੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।
ਲੋਹਾ ਨਗਰੀ ਦੇ ਇਤਿਹਾਸ ਬਾਰੇ ਗੁਰਦੁਆਰਾ ਛੇਵੇਂ ਪਾਤਸ਼ਾਹੀ ਦੇ ਹੈੱਡ ਗ੍ਰੰਥੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਫੱਗਣ ਦੀ ਪੰਚਮੀ ਵਾਲੇ ਦਿਨ ਮੰਡੀ ਗੋਬਿੰਦਗੜ੍ਹ ਪਹੁੰਚੇ।
ਇਸ ਦੇ ਨਾਲ ਹੀ ਚੇਤ ਦੀ ਪੂਰਨਮਾਸ਼ੀ ਤੱਕ 40 ਦਿਨ ਇੱਥੇ ਗੁਰੂ ਸਾਹਬ ਨੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਇਸ ਦੌਰਾਨ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਦਿਨ ਜਾਨਕੀ ਦਾਸ ਲੁਹਾਰ ਨੂੰ ਸ਼ਸਤਰ ਬਣਾਉਣ ਦੇ ਲਈ ਕਿਹਾ ਪਰ ਜਾਨਕੀ ਦਾਸ ਨੇ ਗੁਰੂ ਜੀ ਨੂੰ ਕਿਹਾ ਕਿ ਇੱਥੇ ਲੋਹਾ ਹੀ ਨਹੀਂ ਹੈ।
ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਕਿਹਾ ਕਿ ਉਹ ਸ਼ਸਤਰ ਬਣਾਉਣ ਲਈ ਮਨ ਬਣਾਵੇ, ਗੁਰੂ ਸਾਹਿਬ ਆਪੇ ਭਲੀ ਕਰਨਗੇ। ਜਦੋਂ ਜਾਨਕੀ ਦਾਸ ਘਰ ਪਹੁੰਚਿਆ ਤਾਂ ਉਸ ਦੇ ਮਿੱਟੀ ਦੇ ਭਾਂਡੇ ਲੋਹੇ ਦੇ ਬਣ ਗਏ ਸਨ ਜਿਸ ਤੋਂ ਬਾਅਦ ਉਸ ਨੇ ਗੁਰੂ ਸਾਹਿਬ ਦੇ ਲਈ ਹਥਿਆਰ ਬਣਾਏ।
ਜਾਨਕੀ ਦਾਸ ਲੁਹਾਰ ਦੇ ਬਣਾਏ ਸ਼ਸਤਰਾਂ ਤੋਂ ਪ੍ਰਸੰਨ ਹੋ ਕੇ ਉਸ ਦੀ ਮਾਤਾ ਸੋਭੀ ਜੀ ਜੋ ਕਿ ਜਨਮ ਤੋਂ ਹੀ ਨੇਤਰਹੀਣ ਸਨ ਨੂੰ ਨੇਤਰਾਂ ਦੀ ਜੋਤ ਬਖਸ਼ੀ। ਗੁਰੂ ਸਾਹਬ ਨੇ ਕਿਹਾ ਕਿ ਉਹ ਚੇਤਰ ਦੀ ਪੂਰਨਮਾਸ਼ੀ ਨੂੰ ਇਸ ਢਾਬ 'ਤੇ ਇਸਨਾਨ ਕਰਨਗੇ ਤੇ ਫਿਰ ਉਹ ਮਾਤਾ ਸੋਭੀ ਨੂੰ ਇਸਨਾਨ ਕਰਵਾ ਦੇਣਾ, ਗੁਰੂ ਭਲੀ ਕਰੇਗਾ। ਇਸ ਦੇ ਨਾਲ ਹੀ ਵਰਦਾਨ ਦਿੱਤਾ ਕਿ ਜੋ ਪੂਰਨਮਾਸ਼ੀ ਨੂੰ ਇਸ ਢਾਬ 'ਤੇ ਇਸਨਾਨ ਕਰੇਗਾ, ਉਸ ਦੇ ਦੁੱਖ-ਪਾਪ ਕੱਟੇ ਜਾਣਗੇ ਤੇ ਹਰ ਮਨੋਕਾਮਨਾ ਪੂਰੀ ਹੋਵੇਗੀ।
ਇਸ ਸਮੇਂ ਦੌਰਾਨ ਹੀ ਗੁਰੂ ਸਾਹਿਬ ਨੇ ਮੰਡੀ ਗੋਬਿੰਦਗੜ੍ਹ ਨੂੰ ਲੋਹਾ ਨਗਰੀ ਦਾ ਵਰਦਾਨ ਦਿੱਤਾ ਜਿੱਥੇ ਕਿ ਅੱਜ ਲੋਹੇ ਦਾ ਕਾਰੋਬਾਰ ਚੱਲ ਰਿਹਾ ਹੈ। ਗ੍ਰੰਥੀ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਸਥਾਨ 'ਤੇ ਉਹ ਬੇਰੀ ਅੱਜ ਵੀ ਮੌਜੂਦ ਹੈ, ਜੋ ਗੁਰੂ ਸਾਹਿਬ ਦੇ ਸਮੇਂ ਹੋਇਆ ਕਰਦੀ ਸੀ ਤੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਸਾਹਿਬ ਦੇ ਸ਼ਸਤਰ ਵੀ ਮੌਜੂਦ ਹਨ ਜਿਸ ਦੇ ਦਰਸ਼ਨ ਕਰਨ ਲਈ ਸੰਗਤਾਂ ਦੂਰ-ਦੂਰ ਤੋਂ ਆਉਂਦੀਆਂ ਹਨ।