ਫਤਿਹਗੜ੍ਹ ਸਾਹਿਬ: ਸਫ਼ਰ-ਏ-ਸ਼ਹਾਦਤ ਦਾ ਸਫ਼ਰ ਤੈਅ ਕਰਦਿਆਂ ਈਟੀਵੀ ਭਾਰਤ ਪਹੁੰਚਿਆ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਸਥਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ। ਇਹ ਉਹ ਥਾਂ ਹੈ, ਜਿੱਥੋਂ ਮੋਤੀ ਰਾਮ ਮਹਿਰਾ ਜੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਲਈ ਦੁੱਧ ਲੈ ਕੇ ਠੰਡੇ ਬੁਰਜ ਵਿੱਚ ਜਾਂਦੇ ਸਨ ਤੇ ਮਾਤਾ ਜੀ ਤੇ ਬੱਚਿਆਂ ਲਈ ਦੁੱਧ ਦੀ ਸੇਵਾ ਕਰਦੇ ਸਨ।
ਤੁਹਾਨੂੰ ਦੱਸ ਦਈਏ, ਜਦੋਂ ਵਜ਼ੀਰ ਖ਼ਾਨ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਠੰਢੇ ਬੁਰਜ ਵਿੱਚ ਭੁੱਖੇ ਰੱਖੇ ਜਾਣ ਦਾ ਹੁਕਮ ਦਿੱਤਾ। ਇਸ ਦੌਰਾਨ ਪਹਿਲੇ 2-3 ਦਿਨ ਤਾਂ ਮਾਤਾ ਜੀ ਆਪਣੇ ਪੌਤਿਆਂ ਦੇ ਨਾਲ ਠੰਡ ਵਿੱਚ ਭੁੱਖੇ ਰਹੇ, ਪਰ ਉੱਥੇ ਹੀ ਮੁਗ਼ਲਾਂ ਦੇ ਕਾਰਾਗਾਰ ਦੇ ਰਸੋਈਏ ਮੋਤੀ ਰਾਮ ਮਹਿਰਾ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਛੋਟੇ ਲਾਲਾਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਹੈ।
ਇਸ ਮੌਕੇ ਮੋਤੀ ਰਾਮ ਮਹਿਰਾ ਦੇ ਮਨ ਵਿੱਚ ਮਾਤਾ ਜੀ ਤੇ ਬੱਚਿਆਂ ਦੀ ਸੇਵਾਂ ਕਰਨ ਦੀ ਇੱਛਾ ਜਾਗੀ ਪਰ ਮੁਗ਼ਲ ਸੈਨਿਕਾਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਅੱਗੇ ਨਹੀਂ ਜਾਣ ਦਿੱਤਾ ਕਿ ਜੇ ਤੂੰ ਸੇਵਾ ਕਰਨੀ ਚਾਹੁੰਦਾ ਹੈ ਤਾਂ ਤੈਨੂੰ ਸਾਨੂੰ ਸੋਨੇ ਦੀਆਂ ਮੋਹਰਾਂ ਦੇਣੀਆਂ ਪੈਣਗੀਆਂ। ਮੋਤੀ ਰਾਮ ਮਹਿਰਾ ਜੀ ਸਾਰੀਆਂ ਸ਼ਰਤਾਂ ਮੰਜ਼ੂਰ ਕਰਦਿਆਂ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਸੇਵਾ ਕਰਨ ਲਈ ਆਪਣਾ ਘਰ ਤੱਕ ਵੇਚ ਦਿੱਤਾ। ਇਸ ਤੋਂ ਬਾਅਦ ਮੋਤੀ ਰਾਮ ਮਹਿਰਾ ਜੀ ਰੋਜ਼ ਮੁਗਲਾਂ ਨੂੰ ਮੋਹਰਾਂ ਦੇ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਲਈ ਦੁੱਧ ਦੀ ਸੇਵਾ ਕਰਦੇ ਰਹੇ।
ਉਧਰ ਦੂਜੇ ਪਾਸੇ ਜਦੋਂ ਵਜ਼ੀਰ ਖ਼ਾਨ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੋਤੀ ਰਾਮ ਮਹਿਰਾ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਸੇਵਾ ਕਰ ਰਿਹਾ ਹੈ, ਤਾਂ ਵਜ਼ੀਰ ਖ਼ਾਨ ਨੇ ਮੋਤੀ ਰਾਮ ਮਹਿਰਾ ਦੇ ਪੂਰੇ ਪਰਿਵਾਰ ਨੂੰ ਕੋਹਲੂ ਵਿੱਚ ਪੀਸਣ ਦੇ ਹੁਕਮ ਦੇ ਦਿੱਤੇ। ਇਸ ਹੁਕਮ ਤੋਂ ਬਾਅਦ ਹੀ ਮੋਤੀ ਰਾਮ ਮਹਿਰਾ ਨੂੰ ਪਰਿਵਾਰ ਸਣੇ ਕੋਹਲੂ ਵਿੱਚ ਪੀਸ ਕੇ ਸ਼ਹੀਦ ਕਰ ਦਿੱਤਾ ਗਿਆ।
ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਮੋਤੀ ਰਾਮ ਮਹਿਰਾ ਦਾ ਘਰ ਸੀ, ਜਿੱਥੇ ਅੱਜ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਅੱਜ ਵੀ ਉਹ ਗਲਾਸ ਸਾਂਭ ਕੇ ਰੱਖੇ ਗਏ ਹਨ ਜਿਨ੍ਹਾਂ ਗਲਾਸਾਂ ਵਿੱਚ ਮੋਤੀ ਰਾਮ ਮਹਿਰਾ ਜੀ ਨੇ ਛੋਟੋ ਸਾਹਿਬਾਜ਼ਾਦਿਆਂ ਤੇ ਮਾਤਾ ਜੀ ਲਈ ਦੁੱਧ ਦੀ ਸੇਵਾ ਕੀਤੀ ਸੀ। ਮੋਤੀ ਰਾਮ ਮਹਿਰਾ ਜੀ ਨੂੰ ਕਦੀ ਵੀ ਸਿੱਖ ਜਗਤ ਭੁੱਲ ਨਹੀਂ ਸਕਦਾ ਤੇ ਹਮੇਸ਼ਾ ਜਦੋਂ ਵੀ ਕੋਈ ਫ਼ਤਹਿਗੜ੍ਹ ਸਾਹਿਬ ਵਿਖੇ ਗੁਰਦੁਆਰਿਆਂ ਦੇ ਦਰਸ਼ਨ ਲਈ ਜਾਂਦਾ ਹੈ, ਤਾਂ ਉਹ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਦਰਸ਼ਨ ਕੀਤੇ ਬਗੈਰ ਨਹੀਂ ਮੁੜਦਾ।