ਫਤਿਹਗੜ੍ਹ ਸਾਹਿਬ: ਪੋਹ ਮਹੀਨੇ ਵਿੱਚ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਸਫ਼ਰ-ਏ-ਸ਼ਹਾਦਤ ਦਾ ਸਫ਼ਰ ਤੈਅ ਕਰਦਿਆਂ ਈਟੀਵੀ ਭਾਰਤ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚਿਆ, ਜਿੱਥੇ ਠੰਡਾ ਬੁਰਜ ਸਥਿਤ ਹੈ। ਦੱਸ ਦਈਏ, ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਗੰਗੂ ਰਸੋਈਏ ਵੱਲੋਂ ਗ੍ਰਿਫ਼ਤਾਰ ਕਰਵਾਏ ਜਾਣ ਤੋਂ ਬਾਅਦ ਵਜ਼ੀਰ ਖਾਨ ਨੇ ਮਾਤਾ ਜੀ ਤੇ ਬਾਲਾਂ ਨੂੰ ਮੋਰਿੰਡਾ ਕੋਤਵਾਲੀ ਤੋਂ ਸਰਹੰਦ ਬੁਲਾਇਆ।
ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਲਿਆਇਆ ਗਿਆ, ਜਿੱਥੇ ਉਨ੍ਹਾਂ ਨੂੰ ਠੰਡੇ ਬੁਰਜ ਵਿੱਚ ਰੱਖਣ ਦੇ ਆਦੇਸ਼ ਦਿੱਤੇ ਗਏ। ਦੱਸਿਆ ਜਾਂਦਾ ਹੈ ਕਿ ਠੰਡੇ ਬੁਰਜ ਦੇ ਥਲ੍ਹਿਓਂ ਉਸ ਵੇਲੇ ਇੱਕ ਨਦੀ ਨਿਕਲਦੀ ਸੀ, ਜਿਸ ਦਾ ਪਾਣੀ ਗਰਮੀਆਂ ਵਿੱਚ ਵੀ ਕਾਫ਼ੀ ਠੰਡਾ ਰਹਿੰਦਾ ਸੀ, ਤੇ ਸਰਦੀਆਂ ਵਿੱਚ ਇਸ ਬੁਰਜ ਉੱਤੇ ਠੰਡ ਦਾ ਕੋਈ ਅੰਤ ਹੀ ਨਹੀਂ ਹੁੰਦਾ ਸੀ।