ਪੰਜਾਬ

punjab

ETV Bharat / state

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅਕੀਦਤ, ਭਾਗ-11

ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਈਟੀਵੀ ਭਾਰਤ ਸਫ਼ਰ-ਏ-ਸਹਾਦਤ ਦਾ ਸਫ਼ਰ ਤੈਅ ਕਰਦਿਆਂ ਹੋਇਆਂ ਪਹੁੰਚਿਆ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ। ਇਹ ਉਹ ਇਤਿਹਾਸਿਕ ਧਰਤੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ।

ਫ਼ੋਟੋ
ਫ਼ੋਟੋ

By

Published : Dec 28, 2019, 7:06 AM IST

ਸ੍ਰੀ ਫਤਿਹਗੜ੍ਹ ਸਾਹਿਬ: ਸਫ਼ਰ-ਏ-ਸ਼ਹਾਦਤ ਦਾ ਸਫ਼ਰ ਤੈਅ ਕਰਦਿਆਂ ਈਟੀਵੀ ਭਾਰਤ ਪਹੁੰਚਿਆ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ। ਇਹ ਉਸ ਇਤਿਹਾਸਿਕ ਧਰਤੀ ਹੈ, ਜਿੱਥੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਸੀ। ਦੱਸ ਦਈਏ, ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਠੰਡੇ ਬੁਰਜ ਵਿੱਚ ਕੈਦ ਕਰਨ ਤੋਂ ਬਾਅਦ ਛੋਟੇ ਬਾਲਾਂ ਨੂੰ ਸੂਬੇ ਦੀ ਕਚਹਿਰੀ ਵਿੱਚ ਲਿਜਾਇਆ ਗਿਆ।

ਵੀਡੀਓ

ਕਚਹਿਰੀ ਵਿੱਚ ਵਜ਼ੀਰ ਖ਼ਾਨ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਮੁਸਲਿਮ ਧਰਮ ਕਬੂਲ ਕਰਨ ਲਈ ਕਿਹਾ ਤੇ ਨਾਲ ਹੀ ਕਈ ਲਾਲਚ ਤੇ ਕਾਫ਼ੀ ਤਸੀਹੇ ਦਿੱਤੇ ਗਏ ਜਿਸ ਦੇ ਬਾਵਜੂਦ ਛੋਟੇ ਲਾਲਾਂ ਨੇ ਆਪਣਾ ਧਰਮ ਨਹੀਂ ਛੱਡਿਆ। ਇਸ ਦੇ ਨਾਲ ਹੀ ਕਚਹਿਰੀ ਵਿੱਚ ਵਜ਼ੀਰ ਖ਼ਾਨ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਹਰ ਗੱਲ ਦਾ ਜਵਾਬ ਦਿੱਤਾ। ਇਸ ਕਰਕੇ ਵਜ਼ੀਰ ਖ਼ਾਨ ਨੇ ਗੁੱਸੇ ਵਿੱਚ ਆ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਗੱਦਾਰ ਕਰਾਰ ਦਿੰਦਿਆਂ ਨਿੱਕੀਆਂ ਜਿੰਦਾਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਦੇ ਦਿੱਤਾ।

ਸੂਬੇ ਦੀ ਕਚਹਿਰੀ ਵਿੱਚੋਂ ਛੋਟੇ ਲਾਲਾਂ ਨੂੰ ਨੀਹਾਂ ਵਿੱਚ ਚਿਣਨ ਦੇ ਆਦੇਸ਼ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਆਪਣੇ ਰਾਜ ਦੁਲਾਰਿਆਂ ਨੂੰ ਨੀਲੇ ਰੰਗ ਦੇ ਪੁਸ਼ਾਕ ਪਵਾ ਕੇ ਤੇ ਸਿਰ 'ਤੇ ਕਲਗੀ ਲਾ ਕੇ ਮੌਤ ਨਾਲ ਵਿਆਹੁਣ ਲਈ ਵਿਦਾ ਕੀਤਾ। ਉੱਥੇ ਹੀ ਜਦੋਂ ਵਜ਼ੀਰ ਖ਼ਾਨ ਦੇ ਸਾਹਮਣੇ ਜੱਲਾਦ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣ ਰਹੇ ਸਨ ਤਾਂ ਉੱਥੇ ਖੜ੍ਹੇ ਕਈ ਲੋਕ ਖ਼ੂਨ ਦੇ ਅੱਥਰੂ ਰੋ ਰਹੇ ਸਨ।

ਛੋਟੇ ਸਾਹਿਬ ਨੂੰ ਨੀਹਾਂ ਵਿੱਚ ਚੁਣੇ ਜਾਣ ਤੋਂ ਕੁਝ ਹੀ ਦੇਰ ਬਾਅਦ ਉਹ ਕੰਧ ਡਿੱਗ ਪਈ ਜਿਸ ਤੋਂ ਬਾਅਦ ਵਜ਼ੀਰ ਖ਼ਾਨ ਨੇ ਦੋਹਾਂ ਸਾਹਿਬਜ਼ਾਦਿਆਂ ਦਾ ਗਲਾ ਰੇਤ ਕੇ ਕਤਲ ਕਰਨ ਦਾ ਹੁਕਮ ਦਿੱਤਾ ਤੇ ਜੱਲਾਦਾਂ ਵੱਲੋਂ ਉਨ੍ਹਾਂ ਦਾ ਗਲਾ ਰੇਤ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਿਸ ਥਾਂ 'ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਿਆ ਗਿਆ ਤੇ ਗਲਾ ਰੇਤ ਕੇ ਸ਼ਹੀਦ ਕਰ ਦਿੱਤਾ ਗਿਆ, ਉਸ ਥਾਂ 'ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਅਸੀਂ ਤੁਹਾਨੂੰ ਆਪਣੇ ਅਗਲੇ ਪੜਾਅ ਤਹਿਤ ਦਰਸ਼ਨ ਕਰਾਵਾਂਗੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ।

ABOUT THE AUTHOR

...view details