ਫ਼ਤਹਿਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਚਲਾਈ ਗਈ ਹਸਤਾਖ਼ਰ ਮੁਹਿੰਮ ਪੂਰੀ ਹੋ ਚੁੱਕੀ ਹੈ। ਇਸ ਮੁਹਿੰਮ ਅਧੀਨ 26 ਲੱਖ ਹਸਤਾਖ਼ਰ ਹੋ ਚੁੱਕੇ ਹਨ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਹੈ। ਉਹ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਆਡੀਟੋਰੀਅਮ ਵਿਚ ਰੱਖੇ ਡਿਗਰੀ ਵੰਡ ਸਮਾਗਮ ਵਿਚ ਪਹੁੰਚੇ ਸਨ।
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਡਿਗਰੀ ਵੰਡ ਸਮਾਗਮ ਵਿੱਚ ਪਹੁੰਚੇ ਹਰਜਿੰਦਰ ਸਿੰਘ ਧਾਮੀ - ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ
ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਫ਼ਤਹਿਗੜ੍ਹ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਪਹੁੰਚੇ। ਇਥੇ ਉਨ੍ਹਾਂ ਵੱਲੋਂ ਡਿਗਰੀ ਵੰਡ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ।
ਹਰਜਿੰਦਰ ਸਿੰਘ ਧਾਮੀ ਵੱਲੋਂ ਵਿਦਿਆਰਥੀਆਂ ਨੂੰ ਨਸੀਹਤ :ਇਸ ਮੌਕੇ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਨੂੰ ਚੰਗੀ ਸਿੱਖਿਆ ਪ੍ਰਾਪਤ ਕਰ ਕੇ ਚੰਗੇ ਇਨਸਾਨ ਬਣਨਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਇਕ ਚੰਗੇ ਸਮਾਜ ਦੀ ਸਿਰਜਣਾ ਹੋਵੇਗੀ। ਉਥੇ ਹੀ ਉਨ੍ਹਾਂ ਨੇ ਅੱਜ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਧਾਮੀ ਨੇ ਕਿਹਾ ਕਿ ਅੱਜ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਹਨ ਕਿਉਂਕਿ ਕੋਵਿਡ ਕਾਲ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਨਹੀਂ ਹੋਈ ਸੀ। ਜਿਸ ਕਰਕੇ ਅੱਜ ਡਿਗਰੀਆਂ ਦੀ ਵੰਡ ਕੀਤੀ ਗਈ ਹੈ।
ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਯਤਨ ਜਾਰੀ :ਉਥੇ ਹੀ ਧਾਮੀ ਨੇ ਕਿਹਾ ਕਿ ਅੱਜ ਕੁਝ ਵਿਦਿਆਰਥੀ ਉੱਚ ਅਹੁਦਿਆਂ ਤੇ ਬਿਰਾਜਮਾਨ ਵੀ ਹਨ ਤੇ ਜੋ ਨਵੇਂ ਵਿਦਿਅਰਥੀ ਡਿਗਰੀਆਂ ਹਾਸਲ ਕਰ ਰਹੇ ਹਨ, ਉਹਨਾਂ ਲਈ ਕਾਮਨਾ ਕਰਦਾ ਹਾਂ ਕਿ ਉਹ ਚੰਗੇ ਅਹੁਦਿਆਂ ਉਤੇ ਲੱਗਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਬਾਣੀ ਪ੍ਰਸਾਰਣ ਸਬੰਧੀ ਕੀਤੀਆਂ ਜਾ ਰਹੀਆਂ ਟਿੱਪਣੀਆਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਧਾਮੀ ਨੇ ਕਿਹਾ ਕਿ ਗੁਰਬਾਣੀ ਪ੍ਰਸਾਰਣ ਲਈ ਲੋਕਾਂ ਦੀ ਸਲਾਹ ਲਈ ਜਾ ਰਹੀ ਹੈ ਤੇ ਜੋ ਵੀ ਸੰਗਤ ਦਾ ਫੈਸਲਾ ਹੋਵੇਗਾ ਉਸ ਉਤੇ ਜ਼ਰੂਰ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਸਭ ਨੂੰ ਪ੍ਰਪੋਜ਼ਲ ਭੇਜਣ ਲਈ ਕਿਹਾ ਹੈ ਇਸ ਤੋਂ ਬਾਅਦ ਅਸੀਂ ਅੱਗੇ ਕੰਮ ਕਰਾਂਗੇ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਹਨਾਂ ਵੱਲੋਂ ਪਰਿਆਸ ਜਾਰੀ ਹਨ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚਲਾਈ ਗਈ ਦਸਤਖਤ ਮੁਹਿੰਮ ਖਤਮ ਹੋ ਚੁੱਕੀ ਹੈ।