ਅੰਮ੍ਰਿਤਸਰ: ਪੰਜਾਬ ਵਿੱਚ ਨੌਜਵਾਨ ਪੀੜ੍ਹੀ ਸਕੂਲੀ ਪੜ੍ਹਾਈ ਕਰਨ ਮਗਰੋਂ ਲੱਖਾਂ ਰੁਪਏ ਖ਼ਰਚ ਕਰਕੇ ਵਿਦੇਸ਼ਾਂ ’ਚ ਉਡਾਰੀ ਮਾਰ ਰਹੇ ਹਨ, ਪਰ ਉਹ ਇਸ ਗੱਲ ਤੋਂ ਬੇਹੱਦ ਅਣਜਾਣ ਹਨ ਕਿ ਉਹ ਕੱਲ ਵਿਦੇਸ਼ਾਂ ਤੋਂ ਭਾਰਤ ਵਾਪਸ ਆਉਣਗੇ ਜਾਂ ਨਹੀਂ। ਬਹੁਤ ਸਾਰੇ ਪੰਜਾਬੀ ਅਜਿਹੇ ਹਨ ਜਿਨ੍ਹਾਂ ਦੀ ਬਾਅਦ ਵਿਚ ਭਾਰਤ ਡੱਬੇ ਵਿੱਚ ਪੈ ਕੇ ਲਾਸ਼ ਹੀ ਵਾਪਸ ਆਉਂਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਫਤਹਿਗੜ੍ਹ ਸਾਹਿਬ ਤੋਂ ਜਿੱਥੇ ਸਾਬਤ ਸੂਰਤ ਗੁਰਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਰੋਜ਼ੀ ਰੋਟੀ ਦੀ ਭਾਲ ਵਿੱਚ 11 ਅਕਤੂਬਰ 2022 ਨੂੰ ਵਿਦੇਸ਼ ਗਿਆ ਅਤੇ 17 ਅਕਤੂਬਰ 2022 ਨੂੰ ਉਸ ਦੀ ਮੌਤ ਹੋ ਜਾਂਦੀ ਹੈ।
ਪਰਿਵਾਰ ਬੇਹੱਦ ਗ਼ਰੀਬ ਹੋਣ ਕਰ ਕੇ ਗੁਰਪ੍ਰੀਤ ਸਿੰਘ ਦੀ ਲਾਸ਼ ਵਾਪਸ ਲਿਆਉਣ ਵਿੱਚ ਅਸਮਰੱਥ ਸੀ। ਉਨ੍ਹਾਂ ਦੇ ਪਰਿਵਾਰ ਕੋਲੋਂ ਇੰਨੇ ਪੈਸੇ ਵੀ ਨਹੀਂ ਸਨ ਕਿ ਉਹ ਗੁਰਪ੍ਰੀਤ ਸਿੰਘ ਦੀ ਲਾਸ਼ ਭਾਰਤ ਵਾਪਸ ਲਿਆ ਸਕਣ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਪਹਿਲ ਚੈਰੀਟੇਬਲ ਟਰੱਸਟ ਨਾਲ ਸੰਪਰਕ ਕੀਤਾ ਤੇ ਫਿਰ ਜੋਗਿੰਦਰ ਸਿੰਘ ਸਲਾਰੀਆ ਦੀ ਮਦਦ ਨਾਲ ਅੱਜ ਉਨ੍ਹਾਂ ਦੇ ਬੇਟੇ ਗੁਰਪ੍ਰੀਤ ਸਿੰਘ ਦੀ ਲਾਸ਼ ਅੰਮ੍ਰਿਤਸਰ ਗੁਰੂ ਰਾਮਦਾਸ ਏਅਰਪੋਰਟ 'ਤੇ ਪਹੁੰਚੀ।
ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਪਹਿਲਾਂ ਵੀ ਵਿਦੇਸ਼ ਰਹਿੰਦਾ ਸੀ ਪਰ, ਲਾਕਡਾਊਨ ਹੋਣ ਕਾਰਨ ਉਹ ਭਾਰਤ ਵਾਪਸ ਆ ਗਿਆ। ਇਸ ਤੋਂ ਬਾਅਦ ਉਸ ਦਾ ਵਿਆਹ ਹੋਇਆ ਅਤੇ ਵਿਆਹ ਤੋਂ ਬਾਅਦ ਉਸ ਦਾ ਹੁਣ ਦੱਸ ਮਹੀਨੇ ਦਾ ਇੱਕ ਬੱਚਾ ਵੀ ਸੀ। ਜਦੋਂ ਉਹ ਵਿਦੇਸ਼ ਗਿਆ ਤੇ ਪੰਜ ਦਿਨ ਬਾਅਦ ਹੀ ਉਸ ਦੀ ਵਿਦੇਸ਼ ਵਿੱਚ ਮੌਤ ਹੋ ਗਈ। ਹਾਲਾਂਕਿ ਅਜੇ ਤੱਕ ਮੌਤ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਉਸ ਸਰਕਾਰ ਦੇ ਨੁਮਾਇੰਦਿਆਂ ਨਾਲ ਵੀ ਸੰਪਰਕ ਕੀਤਾ ਤੇ ਸਿੱਖ ਜਥੇਬੰਦੀਆਂ ਨਾਲ ਵੀ ਸੰਪਰਕ ਕੀਤਾ, ਪਰ ਕੋਈ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ ਜਿਸ ਤੋਂ ਬਾਅਦ ਪਹਿਲ ਚੈਰੀਟੇਬਲ ਟਰੱਸਟ ਤੋਂ ਜੋਗਿੰਦਰ ਸਿੰਘ ਸਲਾਰੀਆ ਨੇ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਤੇ ਉਨ੍ਹਾਂ ਦਾ ਪੁੱਤਰ ਦੀ ਲਾਸ਼ ਵਾਪਸ ਆ ਸਕੀ।
ਜ਼ਿਕਰਯੋਗ ਹੈ ਕਿ ਪਹਿਲ ਚੈਰੀਟੇਬਲ ਟਰੱਸਟ ਦੇ ਤੋਂ ਜੋਗਿੰਦਰ ਸਿੰਘ ਸਲਾਰੀਆ ਵੱਲੋਂ ਪਹਿਲਾਂ ਵੀ ਬਹੁਤ ਸਾਰੇ ਭਾਰਤੀ ਨੌਜਵਾਨ ਦੀ ਮੱਦਦ ਕੀਤੀ ਜਾ ਚੁੱਕੀ ਹੈ। ਇਸ ਵਾਰ ਵੀ ਜੇਕਰ ਜੋਗਿੰਦਰ ਸਿੰਘ ਸਲਾਰੀਆ ਗੁਰਪ੍ਰੀਤ ਸਿੰਘ ਦੀ ਲਾਸ਼ ਭਾਰਤ ਨਾ ਲਿਆਂਦੇ ਤਾਂ ਸ਼ਾਇਦ ਗੁਰਪ੍ਰੀਤ ਸਿੰਘ ਦਾ ਪਰਿਵਾਰ ਕਦੇ ਵੀ ਆਪਣੇ ਬੱਚੇ ਦਾ ਆਖ਼ਰੀ ਵਾਰ ਮੂੰਹ ਨਾ ਦੇਖ ਸਕਦਾ।
ਇਹ ਵੀ ਪੜ੍ਹੋ:ਆਸਟ੍ਰੇਲੀਆ ਪੁਲਿਸ ਨੇ ਭਾਰਤੀ ਮੂਲ ਦੇ ਵਿਅਕਤੀ 'ਤੇ ਰੱਖਿਆ ਵੱਡਾ ਇਨਾਮ, ਜਾਣੋ ਪੂਰਾ ਮਾਮਲਾ