ਸ੍ਰੀ ਫ਼ਤਿਹਗੜ੍ਹ ਸਾਹਿਬ:6ਵੇਂ ਪੇਅ ਕਮਿਸ਼ਨ ਨੂੰ ਲੈਕੇ ਪੰਜਾਬ ਸਰਕਾਰ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਵੱਖ-ਵੱਖ ਸਰਕਾਰੀ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਇਨ੍ਹਾਂ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਮੁੱਖ ਰੱਖਿਆ, ਤੇ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਧੋਖਾ ਕਰਨ ਦੇ ਇਲਜ਼ਾਮ ਲਾਏ ਹਨ।
ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਪ੍ਰਦਰਸ਼ਨਕਾਰੀਆ ਨੇ ਕਿਹਾ, ਕਿ ਸਾਲ 2011 ਵਿੱਚ ਜੱਥੇਬੰਦਕ ਸਖ਼ਤ ਸੰਘਰਸ਼ ਤੋਂ ਬਾਅਦ ਉਸ ਸਮੇਂ ਦੀ ਸਰਕਾਰ ਵੱਲੋਂ ਦਿੱਤੇ ਗਏ, ਸਨਮਾਨਜਨਕ ਸਕੇਲਾਂ ਤੇ ਤਨਖਾਹ ਕਮਿਸ਼ਨ ਵੱਲੋਂ 2.25 ਦਾ ਨਾ ਪ੍ਰਵਾਨ ਕਰਨ ਯੋਗ ਗੁਣਾਂਕ ਦੇ ਕੇ ਇਸ ਵਰਗ ਨਾਲ ਸਰਾਸਰ ਧੱਕਾ ਕੀਤਾ ਗਿਆ ਹੈ।
ਜਿਸ ਨਾਲ ਇਸ ਵਰਗ ਜੂਨੀਅਰ ਇੰਜੀਨੀਅਰ/ਸਹਾਇਕ ਇੰਜੀਨੀਅਰ ਅਤੇ ਪੱਦ ਉੁੱਨਤ ਐੱਸ.ਡੀ.ਈ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦੀ ਥਾਂ ਘਟਾਉਣ ਦਾ ਕੰਮ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਨੇ ਇਸ ਬੇਤਹਾਸ਼ਾ ਮਹਿੰਗਾਈ ਦੇ ਦੌਰ ਵਿੱਚ ਤਨਖਾਹ ਵਧਾਉਣ ਦੀ ਥਾਂ ਮਨਮਾਨੇ ਢੰਗ ਨਾਲ਼ ਤਨਖਾਹਾਂ ਘਟਾਉਣ ਦਾ ਕੰਮ ਕਰਦੇ ਹੋਏ ਮੁਲਾਜ਼ਮ ਵਰਗ ਦਾ ਸੋਸਣ ਕੀਤਾ ਗਿਆ ਹੈ।
ਇਸ ਜ਼ਿਲ੍ਹਾਂ ਪੱਧਰੀ ਰੋਸ ਧਰਨੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਵੱਲੋਂ ਗਠਿਤ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋ ਹੀ ਰੱਦ ਕੀਤਾ ਗਿਆ ਹੈ। ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਸਾਂਤਮਈ ਰੋਸ ਧਰਨੇ ਉਪਰੰਤ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ ।
ਕੌਂਸਲ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ, ਕਿ ਜੇਕਰ ਇਸ ਵਰਗ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਪੰਜਾਬ ਵਿੱਚ ਚਲਦੇ ਸਾਰੇ ਵਿਕਾਸ ਕਾਰਜਾਂ ਦਾ ਬਾਈਕਾਟ ਕਰਕੇ ਵਿਰੋਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ:Amritsar: ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਨੇ ਓਪੀਡੀ ਬੰਦ ਕਰ ਕੀਤਾ ਰੋਸ ਪ੍ਰਦਰਸ਼ਨ