ਫਤਹਿਗੜ੍ਹ ਸਾਹਿਬ: ਮਾਤਾ ਗੁਜਰੀ ਕਾਲਜ ਵਿਖੇ ਨੌਜਵਾਨਾਂ ਨੂੰ ਪੁਲਿਸ, ਫੌਜ ਤੇ ਹੋਰਨਾਂ ਫੌਜਾਂ 'ਚ ਭਰਤੀ ਕਰਾਉਣ ਲਈ ਫ੍ਰੀ ਫਿਜੀਕਲ ਟਰੇਨਿੰਗ ਦੇਣ ਲਈ ਮਾਤਾ ਗੁਜਰੀ ਕਾਲਜ ਵਿਖੇ ਜਾਰੀ ਕੈਂਪ ’ਚ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ, ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਉਚੇਚੇ ਤੌਰ ’ਤੇ ਪਹੁੰਚੇ। ਕੈਂਪ ’ਚ ਫ੍ਰੀ ਟਰੇਨਿੰਗ ਦੇਣ ਵਾਲੇ ਗੌਰਵ ਦਾ ਸਨਮਾਨ ਵੀ ਕੀਤਾ ਗਿਆ।
ਦੂਜਿਆਂ ਨੂੰ ਕਾਮਯਾਬ ਕਰਨ ਲਈ ਕੰਮ ਕਰਨਾ ਸਭ ਤੋਂ ਚੰਗਾ ਕੰਮ
ਇਸ ਦੌਰਾਨ ਜਿਲ੍ਹਾ ਪ੍ਰਧਾਨ ਚੀਮਾ ਨੇ ਕਿਹਾ ਕਿ ਅੱਜ ਦੇ ਦੌਰ ’ਚ ਦੂਜਿਆਂ ਨੂੰ ਕਾਮਯਾਬ ਕਰਨ ਲਈ ਕੰਮ ਕਰਨਾ ਸਭ ਤੋਂ ਚੰਗਾ ਕੰਮ ਹੈ। ਇਸ ਕੈਂਪ ਦੇ ਨਾਲ ਉਹਨਾਂ ਦੇ ਜਿਲ੍ਹੇ ਦੇ ਨੌਜਵਾਨ ਪੁਲਿਸ, ਫੌਜ ਆਦਿ ’ਚ ਭਰਤੀ ਹੋ ਸਕਣਗੇ। ਉਹਨਾਂ ਗੌਰਵ ਪਰਿਵਾਰ ਵੱਲੋਂ ਕੀਤੇ ਜਾ ਰਹੇ ਇਸ ਕੰਮ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਦੀ ਖੁਰਾਕ ਲਈ 21 ਹਜ਼ਾਰ ਰੁਪਏ ਸਲਾਨਾ ਦੇਣ ਦਾ ਐਲਾਨ ਵੀ ਕੀਤਾ।
ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ
ਇਸ ਮੌਕੇ ਪਹੁੰਚੇ ਐਡਵੋਕੇਟ ਧਾਰਨੀ ਨੇ ਕਿਹਾ ਕਿ ਅੱਜ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਕੈਂਪ ਸਹਾਈ ਸਿੱਧ ਹੋ ਰਿਹਾ ਹੈ। ਉਹਨਾਂ ਨੌਜਵਾਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ।