ਸ੍ਰੀ ਫ਼ਤਿਹਗੜ੍ਹ ਸਾਹਿਬ: ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਚਾਰ ਅਜਿਹੇ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜੋ ਮੰਡੀ ਗੋਬਿੰਦਗੜ੍ਹ ਦੀਆਂ ਮਿੱਲਾਂ ਵਿੱਚੋਂ ਸਕਰੈਪ ਦੇ ਕੰਡੇ ਵਿੱਚ ਹੇਰਫੇਰ ਕਰਕੇ ਸਕਰੈਪ ਅੱਗੇ ਵੇਚ ਦਿੰਦੇ ਸਨ। ਇਸ ਦੀ ਜਾਣਕਾਰੀ ਐਸਪੀਡੀ ਜਗਜੀਤ ਸਿੰਘ ਜੱਲਾ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਐਸਪੀਡੀ ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਸੀਆਈਏ ਸਟਾਫ ਨੇ ਸੂਚਨਾ ਦੇ ਅਧਾਰ ਉੱਤੇ ਸੋਨੂੰ ਕੁਮਾਰ ਪੁੱਤਰ ਰਜਿੰਦਰ ਸਿੰਘ ਵਾਸੀ ਆਦਰਸ਼ ਨਗਰ ਬਲੋਂਗੀ ਜ਼ਿਲ੍ਹਾ ਮੋਹਾਲੀ ਨੂੰ ਸਮੇਤ ਸਕਰੈਪ ਦੇ ਕੈਂਟਰ ਅਤੇ ਇਸ ਕੈਂਟਰ ਦੇ ਅੱਗੇ ਅੱਗੇ ਇਕ ਸਕੌਡਾ ਕਾਰ ਪਾਇਲਟ ਕਰਦੇ ਆਉਂਦੇ ਮਨੋਜ ਗੁਪਤਾ ਪੁੱਤਰ ਜੱਗਦੰਬਾ ਗੁਪਤਾ ਵਾਸੀ ਬੈਕ ਸਾਇਡ ਕ੍ਰਿਕਟ ਸਟੇਡੀਅਮ ਮੋਹਾਲੀ ਨੂੰ ਪਿੰਡ ਭੱਟਮਾਜਰਾ ਦੇ ਨੇੜੇ ਮੇਨ ਹਾਈਵੇ ਉੱਤੇ ਕਾਬੂ ਕੀਤਾ। ਕੈਂਟਰ ਲੋਡਡ ਸਕਰੈਪ ਦਾ ਵਜਨ ਕਰਵਾਉਣ ਉੱਤੇ ਕਰੀਬ 21 ਟਨ ਹੋਇਆ ਜਦੋਕਿ ਕੈਂਟਰ ਵਿੱਚੋ 72 ਕੁਇੰਟਲ 30 ਕਿੱਲੋਗ੍ਰਾਮ ਦੇ ਵਜਨ ਦੀਆ ਕੰਪਿਊਟਰਾਈਜ਼ਡ ਕੰਡਾ ਪਰਚੀਆ ਬਰਾਮਦ ਹੋਈਆ। ਜਿਨ੍ਹਾਂ ਦੇ ਦੋ ਹੋਰ ਸਾਥੀ ਦੋਸ਼ੀ ਰਾਜ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਨੇੜੇ ਮਾਤਾ ਰਾਣੀ ਮੰਦਿਰ ਅਜੀਜਪੁਰ ਥਾਣਾ ਬਨੁੜ ਜ਼ਿਲ੍ਹਾ ਮੋਹਾਲੀ ਅਤੇ ਵਿਪਨ ਕੁਮਾਰ ਉਰਫ ਹੈਪੀ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਬਾਰਕਪੁਰ ਥਾਣਾ ਡੇਰਾਬੱਸੀ ਜ਼ਿਲ੍ਹਾ ਐਸ.ਏ.ਐਸ ਨਗਰ ਮੋਹਾਲੀ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਦੋਸ਼ੀਆ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਸ਼ੀ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਟਰੱਕਾਂ ਵਗੈਰਾਂ ਦੇ ਵਜ਼ਨ ਕਰਨ ਵਾਲੇ ਕੰਡਿਆ ਵਿੱਚ ਇੱਕ ਚਿੱਪਨੁਮਾ ਇਲੈਕਟ੍ਰੋਨਿਕ ਡਿਵਾਇਸ ਫਿੱਟ ਕਰ ਦਿੰਦੇ ਹਨ ਜਿਸ ਦਾ ਕਿ ਰਿਮੋਟ ਕੰਟਰੋਲ ਹੁੰਦਾ ਹੈ। ਜਿਨ੍ਹਾਂ ਨੇ ਹੁਣ ਚੰਡੀਗੜ੍ਹ ਡਿਸਟੀਲਰੀਜ਼ ਅਤੇ ਬੋਟਲਰਜ਼ ਲਿਮਟਿਡ ਬਨੂੜ ਜ਼ਿਲ੍ਹਾ ਮੋਹਾਲੀ ਦੇ ਕੰਡੇ ਉੱਤੇ ਇਹ ਡਿਵਾਇਸ ਫਿੱਟ ਕੀਤਾ ਹੋਇਆ ਸੀ। ਜੋ ਕੰਪਨੀ ਵਿੱਚੋ ਨਿਕਲਣ ਵਾਲੀ ਲੋਹਾ ਸਕਰੈਪ ਦਾ ਠੇਕਾ ਮਨੋਜ ਗੁਪਤਾ ਨੇ ਲਿਆ ਹੋਇਆ ਸੀ, ਜਿਸ ਨੇ ਆਪਣੇ ਕੈਂਟਰ ਉੱਤੇ ਸੋਨੂੰ ਕੁਮਾਰ ਨੂੰ ਡਰਾਇਵਰ ਰੱਖਿਆ ਹੋਇਆ ਹੈ। ਜਦੋ ਵੀ ਇਹਨਾਂ ਦਾ ਕੈਂਟਰ/ਟਰੱਕ ਵਜਨ ਕਰਨ ਲਈ ਕੰਡੇ ਉੱਤੇ ਚੜ੍ਹਦਾ ਸੀ ਤਾਂ ਇਹ ਰਿਮੋਟ ਕੰਟਰੋਲਰ ਨਾਲ ਵਜਨ ਨੂੰ ਆਪਣੀ ਮਰਜੀ ਅਨੁਸਾਰ ਘਟਾ ਕੇ ਕਰੀਬ 7/8 ਟਨ ਸਕਰੈਪ ਪ੍ਰਤੀ ਕੈਂਟਰ/ਟਰੱਕ ਦਾ ਫਰਕ ਪਾ ਦਿੰਦੇ ਸਨ ਜਿਸ ਨੂੰ ਬਾਅਦ ਵਿੱਚ ਕਿਸੇ ਹੋਰ ਕੰਡੇ ਤੋਂ ਵਜ਼ਨ ਕਰਵਾ ਕੇ ਅਸਲ ਵਜਨ ਦੀ ਪਰਚੀ ਹਾਸਲ ਕਰਕੇ ਉਸ ਦੇ ਅਨਸੁਾਰ ਆਪਣਾ ਸਕਰੈਪ ਮੁਨਾਫਾ ਕੱਢ ਕੇ ਅੱਗੇ ਵੇਚਦੇ ਸਨ।
ਜੋ ਕਰੀਬ 4/5 ਮਹੀਨਿਆਂ ਤੋਂ ਇਸ ਤਰ੍ਹਾਂ ਕੰਪਨੀ ਨੂੰ ਚੂਨਾ ਲਗਾ ਰਹੇ ਸਨ। ਇਸ ਕੰਮ ਨੂੰ ਅੰਜਾਮ ਦੇਣ ਲਈ ਦੋਸ਼ੀ ਰਾਜ ਕੁਮਾਰ ਅਤੇ ਵਿਪਨ ਕੁਮਾਰ ਹੇਰਾਫੇਰੀ ਕਰਨ ਵਾਲੇ ਇਹ ਇਲੈਕਟ੍ਰੋਨਿਕ ਯੰਤਰ ਦਿੱਲੀ ਤੋਂ ਲਿਆ ਕੇ ਦਿੰਦੇ ਹਨ ਜੋ ਇਨ੍ਹਾਂ ਦੋਵਾਂ ਨੂੰ 5/-ਰੁਪਏ ਪ੍ਰਤੀ ਕਿਲੋ ਸਕਰੈਪ ਦੇ ਪਿੱਛੇ ਕਮਿਸ਼ਨ ਮਿਲਦਾ ਹੈ, ਜੋ ਇਹ ਦੋਵੇ ਦੋਸ਼ੀ ਕੰਡਿਆਂ ਨੂੰ ਰਿਪੇਅਰ ਕਰਨ ਦਾ ਵੀ ਕੰਮ ਕਰਦੇ ਹਨ। ਇਸ ਕੰਡੇ ਤੋਂ ਇਲਾਵਾ ਦੋਸ਼ੀਆ ਨੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਵਜਨ ਕਰਨ ਵਾਲੇ ਹੋਰ ਵੀ ਕਾਫੀ ਕੰਡਿਆਂ ਤੇ ਹੇਰਾਫੇਰੀ ਕਰਨ ਵਾਲੀਆ ਇਸ ਤਰ੍ਹਾਂ ਦੀਆਂ ਇਲੈਕਟ੍ਰੋਨਿਕ ਚਿੱਪਾਂ ਲਗਾਈਆਂ ਹੋਈਆਂ ਹਨ ਜਿਨ੍ਹਾਂ ਬਾਰੇ ਅਜੇ ਡੂੰਘਾਈ ਨਾਲ ਪੁੱਛਗਿੱਛ ਕਰਨੀ ਬਾਕੀ ਹੈ।