ਸ੍ਰੀ ਫਤਿਹਗੜ੍ਹ ਸਾਹਿਬ: ਬੀਤੇ ਦਿਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਰਾਸ ਦੇ ਤਰਸੇਮ ਸਿੰਘ ਦੀ ਲਾਸ਼ ਸੂਏ ਵਿੱਚੋਂ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਮਾਂ ਦੇ ਬਿਆਨ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ, ਜਿਸ ਤਹਿਤ ਪੁਲਿਸ ਨੇ ਮ੍ਰਿਤਕ ਦੇ ਭਰਾ ਅਤੇ ਪਤਨੀ ਅਤੇ ਦੋ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਸੁਲਝਾਈ ਅੰਨੇ ਕਤਲ ਦੀ ਗੁੱਥੀ, ਮ੍ਰਿਤਕ ਦੀ ਪਤਨੀ, ਭਰਾ ਨੂੰ ਕੀਤਾ ਗ੍ਰਿਫ਼ਤਾਰ
ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਬਰਾਸ ਵਿੱਚ ਬੀਤੇ ਦਿਨ ਤਰਸੇਮ ਸਿੰਘ ਨਾਂਅ ਦੇ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਨੇ ਮ੍ਰਿਤਕ ਦੇ ਭਰਾ ਅਤੇ ਪਤਨੀ ਅਤੇ ਦੋ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਸੁਰਜੀਤ ਕੌਰ ਵਿਧਵਾ ਆਸਾ ਸਿੰਘ ਵਾਸੀ ਪਿੰਡ ਬਰਾਸ ਨੇ ਮੁੱਖ ਅਫਸਰ ਥਾਣਾ ਬਡਾਲੀ ਆਲਾ ਸਿੰਘ ਕੋਲ ਆਪਣਾ ਬਿਆਨ ਲਿਖਵਾਇਆ ਸੀ ਕਿ ਉਸ ਦਾ ਵੱਡਾ ਪੁੱਤਰ ਤਰਸੇਮ ਸਿੰਘ, ਜੋ ਕਿ ਪਰਮਜੀਤ ਕੌਰ ਨਾਲ ਵਿਆਹਿਆ ਹੋਇਆ ਸੀ ਤੇ ਉਸ ਦੇ 2 ਬੱਚੇ ਹਨ, ਆਪਣੇ ਵੱਖਰੇ ਮਕਾਨ ਵਿੱਚ ਰਹਿੰਦਾ ਸੀ। ਤਰਸੇਮ ਸਿੰਘ ਦੀ ਪਤਨੀ ਆਪਣੇ ਬੱਚਿਆਂ ਸਮੇਤ ਪੇਕੇ ਗਈ ਹੋਈ ਸੀ। ਮਿਤੀ 25-07-2020 ਨੂੰ ਤਰਸੇਮ ਸਿੰਘ ਸੁਰਜੀਤ ਕੌਰ ਤੋਂ ਉਸ ਰਾਤ ਕਰੀਬ 10:30 ਵਜੇ ਆਪਣੀ ਰੋਟੀ ਲੈ ਕੇ ਆਪਣੇ ਘਰ ਚਲਾ ਗਿਆ। ਜਦੋ ਸਵੇਰੇ 5:00 ਵਜੇ ਸੁਰਜੀਤ ਕੌਰ ਉਸ ਨੂੰ ਚਾਹ ਦੇਣ ਗਈ ਤਾਂ ਤਰਸੇਮ ਸਿੰਘ ਦੇ ਘਰ ਨੂੰ ਜਿੰਦਾ ਲੱਗਾ ਹੋਇਆ ਸੀ, ਜਿਸ ਕਾਰਨ ਸੁਰਜੀਤ ਕੌਰ ਨੇ ਆਪਣੇ ਦੂਸਰੇ ਪੁੱਤਰ ਸੁਖਵਿੰਦਰ ਸਿੰਘ ਅਤੇ ਪਿੰਡ ਦੇ ਹੋਰ ਲੋਕਾਂ ਸਮੇਤ ਤਰਸੇਮ ਸਿੰਘ ਦੀ ਤਲਾਸ਼ ਕੀਤੀ ਤਾਂ ਉਸ ਦੇ ਪੁੱਤਰ ਤਰਸੇਮ ਸਿੰਘ ਦੀ ਲਾਸ਼ ਪੀਰ ਬਾਬਾ ਦੀ ਮਜਾਰ ਕੋਲ ਸੂਏ ਵਿੱਚ ਪਈ ਮਿਲੀ।
ਜਦੋਂ ਤਰਮੇਸ ਸਿੰਘ ਦੀ ਲਾਸ਼ ਨੂੰ ਸੂਏ 'ਚੋਂ ਬਾਹਰ ਕੱਢ ਕੇ ਦੇਖਿਆ ਤਾਂ ਤਰਸੇਮ ਸਿੰਘ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਵਾਰ ਸਨ। ਸੁਰਜੀਤ ਕੌਰ ਦੇ ਬਿਆਨ 'ਤੇ ਮੁਕੱਦਮਾ ਥਾਣਾ ਬਡਾਲੀ ਆਲਾ ਸਿੰਘ ਵਿਖੇ ਦਰਜ ਕਰ ਕੇ ਇਸ ਦੀ ਤਫਤੀਸ਼ ਡੂੰਘਾਈ ਨਾਲ ਅਮਲ ਵਿੱਚ ਲਿਆਂਦੀ ਗਈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਦੇ ਸਕੇ ਭਰਾ ਸੁਖਵਿੰਦਰ ਸਿੰਘ ਅਤੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਕਥਿਤ ਨਾਜਾਇਜ਼ ਸਬੰਧ ਸਨ, ਜਿਨ੍ਹਾਂ ਨੇ ਆਪਣੇ ਰਸਤੇ ਵਿੱਚੋਂ ਤਰਸੇਮ ਸਿੰਘ ਨੂੰ ਹਟਾਉਣ ਲਈ ਪਹਿਲਾਂ ਤੋਂ ਹੀ ਬਣਾਈ ਸ਼ਾਜਿਸ ਤਹਿਤ ਅਰਜਨ ਕੁਮਾਰ ਵਾਸੀ ਭਾਗੋ ਮਾਜਰਾ, ਮੋਹਾਲੀ, ਅਜੇ ਕੁਮਾਰ ਵਾਸੀ ਪਿੰਡ ਬਰਾਸ ਅਤੇ ਰਿਸ਼ੀ ਵਾਸੀ ਚੰਡੀਗੜ੍ਹ ਨੂੰ 50,000 ਰੁਪਏ ਦਾ ਲਾਲਚ ਦੇ ਕੇ ਆਪਣੇ ਨਾਲ ਮਿਲਾ ਕੇ ਮਿਤੀ 25-07-2020 ਦੀ ਰਾਤ ਨੂੰ ਤਰਸੇਮ ਸਿੰਘ ਨੂੰ ਸ਼ਰਾਬ ਪੀਣ ਲਈ ਸੂਏ ਕੋਲ ਬੁਲਾ ਕੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਕੇ ਲਾਸ਼ ਸੂਏ ਵਿੱਚ ਸੁੱਟ ਦਿੱਤੀ। ਮੁਲਜ਼ਮ ਸੁਖਵਿੰਦਰ ਸਿੰਘ, ਪਰਮਜੀਤ ਕੌਰ, ਅਜੈ ਅਤੇ ਅਰਜਨ ਕੁਮਰ ਨੂੰ ਗ੍ਰਿਫਤਾਰ ਕਰ ਕੇ ਵਾਰਦਾਤ ਵਿੱਚ ਵਰਤੀ ਕੁਹਾੜੀ ਬਰਾਮਦ ਕਰ ਲਈ ਗਈ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ। ਮੁਲਜ਼ਮ ਰਿਸ਼ੀ ਦੀ ਗ੍ਰਿਫਤਾਰੀ ਬਾਕੀ ਹੈ, ਜਿਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।