ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਦੂਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਤਹਿਗੜ੍ਹ ਸਾਹਿਬ ਦੀ ਦਾਣਾ ਮੰਡੀ ਚਨਾਰਥਲ ਵਿਚ ਕਿਸਾਨਾਂ ਨੇ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਸਰਕਾਰ ਵੱਲੋਂ ਨਾ ਖ਼ਰੀਦੇ ਜਾਣ ਕਾਰਨ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਬਰਸਾਤ ਹੋ ਜਾਣ ਕਾਰਨ ਉਨ੍ਹਾਂ ਦੀ ਪਹਿਲਾਂ ਫ਼ਸਲ ਨੁਕਸਾਨੀ ਗਈ ਤੇ ਹੁਣ ਸਰਕਾਰ ਵੱਲੋਂ ਆਨੇ ਬਹਾਨੇ ਕਰਕੇ ਉਨ੍ਹਾਂ ਦੀਆਂ ਫਸਲਾਂ ਨੂੰ ਨਹੀਂ ਖ਼ਰੀਦਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਵੱਲੋਂ ਉਨ੍ਹਾਂ ਦੀ ਫ਼ਸਲ ਵਿੱਚ ਮਾਜੂ ਦਾਣੇ ਦਾ ਬਹਾਨਾ ਲਾ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਆੜ੍ਹਤੀਆਂ ਦਾ ਵੀ ਕਹਿਣਾ ਕਿ ਸਰਕਾਰ ਵੱਲੋਂ ਨਵੀਆਂ ਨੀਤੀਆਂ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਦਾ ਨੂੰਹ ਮਾਸ ਵਰਗੇ ਰਿਸ਼ਤਿਆਂ ਵਿੱਚ ਵੀ ਫ਼ਰਕ ਪਾਉਣ ਦੀ ਅਸਫਲ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੰਡੀਆਂ ਵਿੱਚ ਆਪਣੀ ਕਣਕ ਲੈ ਕੇ ਪੁੱਜੇ ਕਿਸਾਨਾਂ ਨੇ ਜਦੋਂ ਐਸਡੀਐਮ ਡਾ. ਸੰਜੀਵ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਮੰਡੀਆਂ ਵਿੱਚ ਫ਼ਸਲ ਵਿੱਚ ਮਾਜੂ ਦਾਣਾ ਆਇਆ ਹੋਇਆ ਹੈ ਜੋ ਐੱਫਸੀਆਈ ਦੇ ਨਿਯਮਾਂ ਮੁਤਾਬਕ ਪਾਏ ਜਾਣ ਵਾਲੇ ਮਾਪਦੰਡਾਂ ਅਨੁਸਾਰ ਨਹੀਂ ਖਰੀਦਿਆ ਜਾ ਸਕਦਾ, ਫਿਰ ਵੀ ਡੀਐੱਫਐੱਸਈ ਵੱਲੋਂ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ।
ਕਿਸਾਨ ਯੂਨੀਅਨ ਤੇ ਆਗੂਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਸਵਰਨ ਸਿੰਘ ਚਨਾਰਥਲ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇੱਕ ਦੋ ਦਿਨਾਂ ਵਿੱਚ ਕਿਸਾਨਾਂ ਦੀ ਕਣਕ ਦੀ ਖ਼ਰੀਦ ਨਾ ਕੀਤੀ ਗਈ ਤਾਂ ਉਹ ਕੋਰੋਨਾ ਵਰਗੀ ਬਿਮਾਰੀ ਕਾਰਨ ਲੱਗੇ ਕਰਫਿਊ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਸੜਕਾਂ ਉੱਤੇ ਜਾਮ ਲਾਉਣ ਲਈ ਵੀ ਪਿੱਛੇ ਨਹੀਂ ਹਟਣਗੇ।