ਸ੍ਰੀ ਫਤਿਹਗੜ੍ਹ ਸਾਹਿਬ: ਕਣਕ ਦੀ ਫ਼ਸਲ ਪੱਕਣ ਤੋਂ ਬਾਅਦ ਜਦ ਵਾਢੀ ਦਾ ਵੇਲਾ ਆਉਂਦਾ ਹੈ ਤਾਂ ਵਿਸਾਖੀ ਦੇ ਤਿਉਹਾਰ 'ਤੇ ਇੱਕ ਕਹਾਵਤ ਮਸ਼ਹੂਰ ਹੈ, "ਫਸਲਾਂ ਦੀ ਮੁੱਕ ਗਈ ਰਾਖੀ ਵੇ ਜੱਟਾ ਆਈ ਵਿਸਾਖੀ।" ਪਰ ਇਸ ਵਾਰ ਵਿਸਾਖੀ 'ਤੇ ਕਿਸਾਨਾਂ ਦੇ ਚਹਿਰਿਆਂ 'ਤੇ ਖ਼ੁਸ਼ੀਆਂ ਘੱਟ ਸਗੋਂ ਚਿੰਤਾ ਦਿਖਾਈ ਦੇ ਰਹੀਆਂ ਹਨ, ਕਿਉਂਕਿ ਵਿਸਾਖੀ 'ਤੇ ਕਿਸਾਨਾਂ ਕੋਲ ਫਸਲ ਦੀ ਕਟਾਈ ਦੇ ਕੋਈ ਸਾਧਨ ਨਹੀਂ ਹਨ।
ਸਰਕਾਰਾਂ ਦੇ ਕੂਪਨ ਨੇ ਕਿਸਾਨ ਪਾਏ ਭੰਬਲ ਭੂਸੇ 'ਚ ਕਿਸਾਨਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਲੇਬਰ ਦੀ ਆ ਰਹੀ ਹੈ ਕਿਉਂਕਿ ਲੌਕਡਾਊਨ ਕਰਕੇ ਜ਼ਿਆਦਾਤਰ ਮਜ਼ਦੂਰ ਆਪਣੇ ਸੂਬਿਆਂ ਨੂੰ ਜਾ ਚੁੱਕੇ ਹਨ। ਇਸ ਤੋਂ ਬਾਅਦ 15 ਅਪ੍ਰੈਲ ਨੂੰ ਕਣਕ ਦੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਕਿਸਾਨਾਂ ਨੂੰ ਬਾਕੀ ਦੀਆਂ ਮੁਸ਼ਕਲਾਂ ਮੰਡੀ ਵਿੱਚ ਆਉਣਗੀਆਂ, ਜਿਸ ਦੇ ਲਈ ਪ੍ਰਸ਼ਾਸਨ ਮੁਕੰਮਲ ਪ੍ਰਬੰਧ ਕਰਨ ਦੇ ਦਾਅਵੇ ਕਰ ਰਿਹਾ ਹੈ।
ਵਾਢੀ ਦੇ ਸੀਜ਼ਨ ਨੂੰ ਦੇਖਦਿਆਂ ਫ਼ਤਹਿਗੜ੍ਹ ਸਾਹਿਬ ਦੇ ਡੀ.ਸੀ. ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ 15 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ। ਲੌਕਡਾਊਨ ਦੀ ਸਥਿਤੀ ਨੂੰ ਦੇਖਦਿਆਂ ਇਸ ਵਾਰ ਮੰਡੀ ਵਿੱਚ ਟੋਕਨ ਸਿਸਟਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਮੰਡੀ ਦੇ ਵਿੱਚ ਭੀੜ ਨਾ ਹੋਵੇ ਪਰ ਇਸ ਨਾਲ ਸੀਜ਼ਨ 'ਤੇ ਥੋੜ੍ਹਾ ਅਸਰ ਜ਼ਰੂਰ ਪਵੇਗਾ। ਇਸ ਤੋਂ ਇਲਾਵਾ ਮੰਡੀਆਂ ਵਿੱਚ ਲੋਡਿੰਗ ਅਤੇ ਅਨਲੋਡਿੰਗ ਕਰਨ ਦੇ ਲਈ ਲੇਬਰ ਦੀ ਸਮੱਸਿਆ ਜ਼ਰੂਰ ਆਵੇਗੀ ਜਿਸ ਦਾ ਪ੍ਰਸ਼ਾਸਨ ਪ੍ਰਬੰਧ ਕਰ ਰਿਹਾ ਹੈ।
ਉੱਥੇ ਹੀ ਇਸ ਸਥਿਤੀ ਬਾਰੇ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਵਾਰ ਸੀਜ਼ਨ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਆਪਣੇ ਖੇਤਾਂ ਵਿੱਚ ਫ਼ਸਲ ਦਾ ਧਿਆਨ ਰੱਖਣ ਵਿੱਚ ਆ ਰਹੀ ਹੈ। ਇਸ ਤੋਂ ਇਲਾਵਾ ਲੇਬਰ ਦੀ ਦਿੱਕਤ ਜ਼ਿਆਦਾ ਵੱਡੀ ਹੈ ਕਿਉਂਕਿ ਲੌਕਡਾਊਨ ਕਾਰਨ ਲੇਬਰ ਨਹੀਂ ਮਿਲ ਰਹੀ। ਫ਼ਸਲ ਨੂੰ ਤਾਂ ਮਸ਼ੀਨਾਂ ਦੇ ਨਾਲ ਕਟਵਾ ਦਿੱਤਾ ਜਾਵੇਗਾ ਪਰ ਤੂੜੀ ਨੂੰ ਸਾਂਭਣ ਲਈ ਲੇਬਰ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਉੱਥੇ ਹੀ ਫ਼ਸਲ ਨੂੰ ਮੰਡੀਆਂ ਤੱਕ ਵੇਚਣ ਲਈ ਲੈ ਕੇ ਜਾਣ ਲਈ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਟੋਕਨ ਸਿਸਟਮ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੋਰ ਵੀ ਮੁਸ਼ਕਿਲ ਵਧੇਗੀ ਕਿਉਂਕਿ ਸੀਜ਼ਨ ਲੰਬਾ ਚੱਲੇਗਾ।