ਫ਼ਤਹਿਗੜ੍ਹ ਸਾਹਿਬ : ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਭਾਰਤ ਅੰਦਰ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ ਲੇਬਰ ਕਿਸਾਨ ਪਾਰਟੀ ਆਫ ਇੰਡੀਆ ਵੱਲੋਂ 1 ਮਈ 1923 ਤੋਂ ਮਦਰਾਸ ਤੋਂ ਸ਼ੁਰੂ ਹੋਈ ਸੀ। 100 ਸਾਲ ਬੀਤਣ ਮਗਰੋਂ ਵੀ ਮਜ਼ਦੂਰ ਵਰਗ ਨੂੰ ਲੋਂੜੀਦੀਆਂ ਸਹੂਲਤਾਂ ਨਹੀਂ ਮਿਲ ਸਕੀਆਂ। ਖੰਨਾ ਦੇ ਮਜ਼ਦੂਰ ਅੱਡੇ ਵਿਖੇ ਮਜ਼ਦੂਰਾਂ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਦਿਹਾੜਾ ਮਨਾਇਆ ਜ਼ਰੂਰ ਜਾਂਦਾ ਹੈ ਪ੍ਰੰਤੂ ਮਜ਼ਦੂਰਾਂ ਦੀ ਕੋਈ ਸਾਰ ਨਹੀਂ ਲੈਂਦਾ। ਮਜ਼ਦੂਰਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਤਿੰਨ ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਮਿਲਣੀ ਚਾਹੀਦੀ ਹੈ।
ਮਜ਼ਦੂਰ ਦਿਹਾੜੇ ਤੋਂ ਬਾਅਦ ਸਾਡੀ ਜਮਾਤ ਦੀ ਨਹੀਂ ਲੈਂਦਾ ਕੋਈ ਸਾਰ :1 ਮਈ ਨੂੰ ਮਨਾਏ ਜਾਣ ਵਾਲੇ ਮਜ਼ਦੂਰ ਦਿਹਾੜੇ ਮੌਕੇ ਖੰਨਾ ਦੇ ਲਲਹੇੜੀ ਚੌਕ ਵਿੱਚ ਬਣੇ ਮਜ਼ਦੂਰ ਅੱਡੇ ਉਤੇ ਜਾ ਕੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਮਜ਼ਦੂਰਾਂ ਨੇ ਕਿਹਾ ਕਿ 100 ਸਾਲਾਂ ਤੋਂ ਸਰਕਾਰਾਂ ਇਹ ਦਿਹਾੜਾ ਮਨਾਉਂਦੀਆਂ ਆ ਰਹੀਆਂ ਹਨ। ਮਜ਼ਦੂਰਾਂ ਦਾ ਲਾਲ ਝੰਡਾ ਵੀ ਲਹਿਰਾਇਆ ਜਾਂਦਾ ਹੈ, ਪਰ ਬਾਅਦ ਵਿੱਚ ਕੋਈ ਵੀ ਇਸ ਜਮਾਤ ਦੀ ਸਾਰ ਨਹੀਂ ਲੈਂਦਾ। ਅੱਜ ਤੱਕ ਕਿਸੇ ਵੀ ਸਰਕਾਰ ਨੇ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਗਾਰੰਟੀ ਦੇ ਸਾਧਨ ਮੁਹੱਈਆ ਨਹੀਂ ਕਰਾਏ। ਤੜਕੇ ਉੱਠਦੇ ਹੀ ਮਜ਼ਦੂਰਾਂ ਨੂੰ ਰੋਜ਼ੀ ਰੋਟੀ ਦੀ ਚਿੰਤਾ ਹੋ ਜਾਂਦੀ ਹੈ। ਸਵੇਰੇ ਘਰੋਂ ਰੁਜ਼ਗਾਰ ਦੀ ਭਾਲ ਚ ਨਿਕਲਦੇ ਹਨ ਅਤੇ ਮਜ਼ਦੂਰ ਅੱਡੇ ਖੜ੍ਹ ਕੇ ਰੁਜ਼ਗਾਰ ਦੀ ਭਾਲ ਕਰਦੇ ਹਨ। ਫਿਰ ਕਿਤੇ ਮਹੀਨੇ ਅੰਦਰ 10 ਦਿਨਾਂ ਦਾ ਰੁਜ਼ਗਾਰ ਮਿਲਦਾ ਹੈ। ਇਸ ਨਾਲ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ।