ਸ੍ਰੀ ਫ਼ਤਿਹਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਘਿਓ ਅਤੇ ਸੁੱਕਾ ਦੁੱਧ ਪੰਜਾਬ ਦੇ ਅਦਾਰੇ ਵੇਰਕਾ ਤੋਂ ਖਰੀਦਿਆ ਜਾਂਦਾ ਸੀ ਜਦੋਂ ਕਿ ਹੁਣ ਇਹ ਠੇਕਾ ਮਹਾਰਾਸ਼ਟਰ ਦੇ ਪੁਣੇ ਦੀ ਇੱਕ ਕੰਪਨੀ ਨੂੰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦਾ ਤਰਕ ਹੈ ਕਿ ਟੈਂਡਰਾਂ ਵਿੱਚ ਸਭ ਤੋਂ ਘੱਟ ਪੁਣੇ ਦੀ ਕੰਪਨੀ ਸੋਨਾਈ ਕਾਰਪੋਰੇਟ ਨੇ ਰੇਟ ਦਿੱਤੇ ਸਨ, ਜਿਸ ਕਰਕੇ ਇਹ ਸਮਾਨ ਵੇਰਕਾ ਨੂੰ ਛੱਡ ਕੇ ਮਹਾਰਾਸ਼ਟਰ ਤੋਂ ਲੈਣਾ ਸ਼ੁਰੂ ਕੀਤਾ ਗਿਆ ਹੈ। ਇਸ 'ਤੇ ਸਵਾਲ ਖੜ੍ਹੇ ਕਰਦੇ ਹੋਏ ਗੁਰਦੁਆਰਾ ਸਿੰਘ ਸਭਾ ਅਮਲੋਹ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਿਆ ਗਿਆ ਇਹ ਫੈਸਲਾ ਪੰਜਾਬ ਦੇ ਲੋਕਾਂ ਦੇ ਹਿਤਾਂ ਦੇ ਖ਼ਿਲਾਫ਼ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਗੁਰਦੁਆਰਾ ਸਿੰਘ ਸਭਾ ਅਮਲੋਹ ਦੇ ਪ੍ਰਧਾਨ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਜੋ ਠੇਕਾ ਮਹਾਰਾਸ਼ਟਰ ਦੇ ਪੁਣੇ ਦੀ ਫੈਕਟਰੀ ਨੂੰ ਦਿੱਤਾ ਗਿਆ ਹੈ ਉਸ ਨਾਲ ਪੰਜਾਬ ਵਿੱਚ ਦੁੱਧ ਵਿਕਰੇਤਾ ਅਤੇ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਵੇਗਾ ਕਿਉਂਕਿ ਇਨ੍ਹਾਂ ਕੋਲ ਸਟਾਕ ਬਚ ਜਾਵੇਗਾ।