ਫ਼ਤਿਹਗੜ੍ਹ ਸਾਹਿਬ: ਇਤਿਹਾਸਿਕ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ (ਭੋਰਾ ਸਾਹਿਬ) ਵਿੱਚ ਸੁੱਚਾ ਸਿੰਘ ਲੰਗਾਹ ਵੱਲੋਂ ਕਰਵਾਏ ਗਏ ਅਖੰਡ ਪਾਠ ਸਾਹਿਬ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਇਸਨੂੰ ਲੈ ਕੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਜਿਸ ਵਿਅਕਤੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਥ ਵਿੱਚੋਂ ਛੇਕ ਦਿੱਤਾ ਹੋਵੇ, ਉਸ ਵਿਅਕਤੀ ਨੂੰ ਅਖੰਡ ਪਾਠ ਦੀ ਆਗਿਆ ਦੇਣਾ ਅਤੇ ਉਸਦਾ ਸਨਮਾਨ ਕਰਨਾ ਬੇਹੱਦ ਦੁੱਖਦਾਈ ਹੈ।
ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਸੁੱਚਾ ਸਿੰਘ ਲੰਗਾਹ ਵੱਲੋਂ ਉਕਤ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਕਰਵਾਏ ਜਾਣ ਬਾਰੇ ਦੱਸਿਆ ਸੀ ਪਰ ਉਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ ਕਿਉਂ ਜੋ ਸ੍ਰੋਮਣੀ ਕਮੇਟੀ ਵੱਲੋਂ ਲੰਗਾਹ ਨੂੰ ਛੇਕਿਆ ਗਿਆ ਸੀ। ਪਰੰਤੂ ਜਦੋਂ ਉਨ੍ਹਾਂ ਵੱਲੋਂ ਪਤਾ ਕੀਤਾ ਗਿਆ ਤਾਂ ਖਿੱਚੀ ਗਈ ਤਸਵੀਰ ਰਾਹੀਂ ਇਹ ਸਾਹਮਣੇ ਆਇਆ ਕਿ ਅਖੰਡ ਪਾਠ ਹੀ ਨਹੀਂ ਕਰਵਾਇਆ ਜਾ ਰਿਹਾ ਸਗੋਂ ਲੰਗਾਹ ਵੱਲੋਂ ਸ਼ਹੀਦੀ ਸਥਾਨ ਉੱਤੇ ਚੌਰ ਸਾਹਿਬ ਦੀ ਸੇਵਾ ਵੀ ਕੀਤੀ ਜਾ ਰਹੀ ਸੀ।
ਇਥੇ ਹੀ ਬੱਸ ਨਹੀਂ ਸ਼੍ਰੋਮਣੀ ਕਮੇਟੀ ਵੱਲੋਂ ਲੰਗਾਹ ਨੂੰ ਸਿਰੋਪਾਉ ਵੀ ਦਿੱਤਾ ਗਿਆ, ਜੋ ਧਾਰਮਿਕ ਤੌਰ 'ਤੇ ਵੱਡਾ ਪਾਪ ਹੈ ਅਤੇ ਇਹ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਅਖੰਡ ਪਾਠ 2015 ਵਿੱਚ ਬੁੱਕ ਕੀਤੇ ਗਏ ਜਾਣ ਬਾਰੇ ਕਿਹਾ ਜਾ ਰਿਹਾ ਹੈ ਪਰ ਜੇਕਰ 2015 ਵਿੱਚ ਬੁੱਕ ਕੀਤੇ ਗਏ ਸਨ ਤਾਂ ਉਨ੍ਹਾਂ ਨੂੰ ਪੰਥ ਵਿੱਚੋਂ ਕੱਢੇ ਜਾਣ ਦੇ ਬਾਅਦ ਕੈਂਸਲ ਕੀਤਾ ਜਾਣਾ ਚਾਹੀਦਾ ਸੀ।