ਫ਼ਤਿਹਗੜ੍ਹ ਸਾਹਿਬ: ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੇ ਜਾਣ ਵਾਲੀ ਵਾਇਰਲ ਵੀਡੀਓ ਦਾ ਮਾਮਲਾ ਭਖ਼ਦਾ ਹੀ ਜਾ ਰਿਹਾ ਹੈ। ਹੁਣ ਇਸ ਉੱਤੇ ਨਾਰਾਜ਼ਗੀ ਜ਼ਾਹਰ ਕਰਦਿਆ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਤੇ ਇੰਦਰਜੀਤ ਸਿੰਘ ਨੇ ਫ਼ਤਹਿਗੜ੍ਹ ਤੋਂ ਐਸਐਸਪੀ ਨੂੰ ਦਰਖ਼ਾਸਤ ਸੌਂਪ ਦਿੱਤੀ ਹੈ।
ਫ਼ਤਹਿਗੜ੍ਹ ਸਹਿਬ ਤੋਂ ਐਸਐਸਪੀ ਅਮਨੀਤ ਕੌਰ ਕੌਂਡਲ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਵੀਡੀਓ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਮਖੌਲ ਉਡਾ ਰਹੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਮੌਜੂਦਾ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਗਈ ਹੈ। ਵੀਡੀਓ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਸ ਦੇ ਸਮਰਥਕ ਵਾਰ-ਵਾਰ ਜ਼ੋਰ ਨਾਲ ਹੱਸ ਰਹੇ ਹਨ। ਇਸ ਲਈ ਰੰਧਾਵਾ ਅਤੇ ਉਸ ਦੇ ਸਾਥੀਆਂ ਨੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।