ਫਤਿਹਗੜ੍ਹ ਸਾਹਿਬ:ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ (Punjab Agriculture Minister Kaka Randeep Singh) ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਨੁਕਸਾਨੀ ਗਈ ਨਰਮੇ ਦੀ ਫ਼ਸਲ ਦਾ 416 ਕਰੋੜ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਹੈ, ਉਸੇ ਤਰ੍ਹਾਂ ਹੀ ਆਲੂ ਅਤੇ ਸਬਜ਼ੀਆਂ ਤੇ ਫਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਪੰਜਾਬ ਸਰਕਾਰ (Government of Punjab) ਵੱਲੋਂ ਕਿਸਾਨਾਂ ਨੂੰ ਜਲਦ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਸਵ. ਹਰਜੀਤ ਸਿੰਘ ਹੁੰਦਲ ਮੈਮੋਰੀਅਲ ਹਾਕੀ ਕਲੱਬ (Late Harjit Singh Hundal Memorial Hockey Club) ਦੇ ਵੱਲੋਂ ਕਰਵਾਏ ਜਾ ਰਹੇ ਹਾਕੀ ਟੁੂਰਨਾਮੈਂਟ ਦੇ ਫਾਇਨਲ ਮੁਕਾਬਲਿਆਂ ਵਿੱਚ ਇਨਾਮਾਂ ਦੀ ਵੰਡ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।
ਇਸ ਮੌਕੇ ਹਾਕੀ ਟੂਰਨਾਮੈਂਟ ਕੱਪ ਜਿੱਤਣ ਵਾਲੇ ਰਿਤੂ ਰਾਣੀ ਹਾਕੀ ਕਲੱਬ ਨੂੰ ਕਾਕਾ ਰਣਦੀਪ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਟਰਾਫੀ ਤੇ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਕਲੱਬ ਨੂੰ ਇੱਕ ਲੱਖ ਰੁਪਏ ਦੀ ਗ੍ਰਾਂਟ ਜਲਦ ਦਿੱਤੀ ਜਾਵੇਗੀ।