ਫ਼ਤਹਿਗੜ੍ਹ ਸਾਹਿਬ: ਪੰਜਾਬ ਵਿੱਚ ਆਉਣ ਵਾਲੀਆਂ 2022 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਕਾਫੀ ਸਿਖਰਾਂ 'ਤੇ ਚੜ੍ਹਿਆ ਹੋਇਆ ਹੈ। ਹਰ ਇੱਕ ਪਾਰਟੀ ਵੱਲੋਂ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ, ਨਾਲ ਹੀ ਪਾਰਟੀ ਆਗੂਆਂ ਨਾਲ ਮਿਲ ਕੇ ਰਣਨੀਤੀ ਵੀ ਬਣਾਈ ਜਾ ਰਹੀ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ (Kaka Randeep Singh) ਬੁੱਧਵਾਰ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਸਕੂਲਾਂ ਨੂੰ ਟੈਬਲੈੱਟ ਤਕਸੀਮ ਕਰਨ ਦੇ ਲਈ ਪਹੁੰਚੇ। ਜਿਸ ਦੌਰਾਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ (Navjot Sidhu) ਵੱਲੋਂ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕਣ 'ਤੇ ਉਨ੍ਹਾਂ ਨੇ ਕਿਹਾ ਕਿ ਜੇ ਪਹਿਲਾਂ ਕੋਈ ਘਾਟ ਰਹੀ ਹੈ ਤਾਂ ਉਸਨੂੰ ਦੇਖਦੇ ਹੋਏ ਹੀ ਪਾਰਟੀ ਨੇ ਤਬਦੀਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਵਿੱਚ ਵੀ ਕਈ ਸਮੱਸਿਆਵਾਂ ਹੁੰਦੀਆਂ ਹਨ, ਉਨ੍ਹਾਂ ਨੂੰ ਬੈਠ ਕੇ ਹੱਲ ਕਰ ਲੈਣਾ ਚਾਹੀਦਾ ਹੈ। ਜਿੱਥੇ ਤੱਕ ਸਿੱਧੂ ਨੇ ਸਰਕਾਰ 'ਤੇ ਸਵਾਲ ਚੁੱਕੇ ਹਨ, ਉਹ ਜਾਇਜ਼ ਹਨ, ਜਿਸ 'ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।
ਇਸ ਤੋਂ ਇਲਾਵਾਂ ਕਾਕਾ ਰਣਦੀਪ ਸਿੰਘ (Kaka Randeep Singh) ਵੱਲੋਂ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਹਲਕਾ ਅਮਲੋਹ ਵਿੱਚ 6 ਸਕੂਲਾਂ ਨੂੰ 30 ਟੈਬਲੈੱਟ ਵੰਡੇ ਗਏ। ਜਿੱਥੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਟੈਬਲੈੱਟਾਂ ਦੇ ਜ਼ਰੀਏ ਬੱਚੇ ਚੰਗੀ ਸਿੱਖਿਆ ਹਾਸਲ ਕਰ ਸਕਦੇ ਹਨ।