ਮੰਡੀ ਗੋਬਿੰਦਗੜ੍ਹ: ਪੰਜਾਬ ਵਿੱਚ ਝੋਨੇ ਦੀ ਬਿਜਾਈ ਦਾ ਦੌਰ ਚੱਲ ਰਿਹਾ ਹੈ। ਇਸ ਦੌਰ ਵਿੱਚ ਪੰਜਾਬ ਦੇ ਖੇਤਾਂ ਵਿੱਚ ਮਜ਼ਦੂਰਾਂ ਦੀ ਸਖ਼ਤ ਲੋੜ ਹੈ। ਇਸੇ ਲੋੜ ਨੂੰ ਪੂਰਾ ਕਰਨ ਲਈ ਪੰਜਾਬ ਦੇ ਕਿਸਾਨ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਬਿਹਾਰ ਅਤੇ ਯੂਪੀ ਤੋਂ ਲਿਆ ਰਹੇ ਹਨ। ਇਸੇ ਦੌਰਾਨ ਮੰਡੀ ਗੋਬਿੰਦਗੜ੍ਹ ਵਿੱਚ ਮਜ਼ਦੂਰਾਂ ਨੂੰ ਲੈ ਕੇ ਆ ਰਹੀਆਂ ਬੱਸਾਂ ਨੂੰ ਪ੍ਰਸ਼ਾਸਨ ਨੇ ਕਾਬੂ ਕੀਤਾ ਹੈ।
ਮੰਡੀ ਗੋਬਿੰਦਗੜ੍ਹ: ਬਿਹਾਰ ਤੋਂ ਮਜ਼ਦੂਰਾਂ ਨੂੰ ਲੈ ਕੇ ਆ ਰਹੀਆਂ ਬੱਸਾਂ ਪ੍ਰਸ਼ਾਸਨ ਨੇ ਕੀਤੀਆਂ ਕਾਬੂ ਜਾਣਕਾਰੀ ਅਨੁਸਾਰ ਇਹ ਦੋਵੇਂ ਬੱਸਾਂ ਬਿਹਾਰ ਤੋਂ ਮਜ਼ਦੂਰਾਂ ਨੂੰ ਲੈ ਕੇ ਆਈਆਂ ਸਨ, ਇਨ੍ਹਾਂ ਮਜ਼ਦੂਰਾਂ ਨੂੰ ਵੱਖ-ਵੱਖ ਪਿੰਡਾਂ ਵਿੱਚ ਝੋਨੇ ਦੀ ਬਿਜਾਈ ਲਈ ਲੈ ਕੇ ਜਾਣਾ ਸੀ । ਇਨ੍ਹਾਂ ਬੱਸਾਂ ਵਿੱਚ ਸਵਾਰ ਪ੍ਰਵਾਸੀ ਮਜਦੂਰਾਂ ਨੂੰ ਬਿਨ੍ਹਾਂ ਮੈਡੀਕਲ ਜਾਂਚ ਨਾਕਿਆਂ ਤੋਂ ਬਚਾਉਂਦੇ ਹੋਏ ਹੋਰ ਰਸਤਿਆਂ ਰਾਹੀਂ ਪੰਜਾਬ ਵਿੱਚ ਲਿਆਂਦਾ ਜਾ ਰਿਹਾ ਸੀ। ਇਨ੍ਹਾਂ ਦੋ ਬੱਸਾਂ ਨੂੰ ਐਸਡੀਐਮ ਅਮਲੋਹ ਆਨੰਦ ਸਾਗਰ ਸ਼ਰਮਾ ਨੇ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਬੱਸਾਂ ਵਿੱਚ ਸਵਾਰ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਬਿਹਾਰ ਦੇ ਪੁਰਨੀਆ ਜ਼ਿਲ੍ਹੇ ਤੋਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਰੋਜ਼ੀ-ਰੋਟੀ ਦੇ ਲਾਲੇ ਪੈ ਚੁੱਕੇ ਹਨ। ਇਸੇ ਲਈ ਹੀ ੳੇੁਹ ਕੰਮ ਦੀ ਤਲਾਸ਼ ਪੰਜਾਬ ਆਏ ਹਨ।
ਉੱਥੇ ਹੀ ਬੱਸ ਦੇ ਡਰਾਈਵਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਇਸ ਦੀ ਮਨਜ਼ੂਰੀ ਹੈ। ਜਿੱਥੇ ਤੱਕ ਮੈਡਿਕਲ ਦੀ ਗੱਲ ਹੈ ਤਾਂ ਬੱਸ ਡਰਾਈਵਰ ਦੇ ਮੁਤਾਬਕ ਇਨ੍ਹਾਂ ਵਿਚੋਂ ਕੁੱਝ ਦਾ ਮੈਡਿਕਲ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਮੈਡੀਕਲ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੇਣਾ ਮਾਲਕਾਂ ਦਾ ਕੰਮ ਹੈ।
ਐਸਡੀਐਮ ਅਮਲੋਹ ਆਨੰਦ ਸਾਗਰ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਇਨ੍ਹਾਂ ਬੱਸਾਂ ਦੇ ਆਉਣ ਦੀ ਜਾਣਕਾਰੀ ਸੂਬਾਈ ਸਰਹੱਦੀ ਚੌਂਕੀ ਤੋਂ ਨਹੀਂ ਮਿਲੀ ਸੀ। ਚੈਕਿੰਗ ਕਰਨ ਦੇ ਲਈ ਇਨ੍ਹਾਂ ਬੱਸਾਂ ਨੂੰ ਰੋਕਿਆ ਗਿਆ ਸੀ, ਜੋ ਬਿਹਾਰ ਤੋਂ ਆਈਆਂ ਹਨ। ੳੇੁਨ੍ਹਾਂ ਕਿਹਾ ਕਿ ਜਾਂਚ ਲਈ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਅਤੇ ਸਾਰੇ ਮਜਦੂਰਾਂ ਦਾ ਸਿਵਲ ਹਸਪਤਾਲ ਵਿੱਚ ਮੈਡਿਕਲ ਕਰਵਾਇਆ ਜਾ ਰਿਹਾ ਹੈ।
ਕੋਰੋਨਾ ਮਹਾਂਮਾਰੀ ਕਾਰਨ ਲੱਗੀ ਤਾਲਾਬੰਦੀ ਕਾਰਨ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਜਿੱਦੀ ਘਰਾਂ ਨੂੰ ਪਰਤ ਗਏ ਸਨ। ਇਸ ਕਾਰਨ ਪੰਜਾਬ ਵਿੱਚ ਝੋਨੇ ਦੀ ਬਿਜਾਈ ਲਈ ਮਜ਼ਦੂਰਾਂ ਦੀ ਵੱਡੀ ਘਾਟ ਪੈਦਾ ਹੋ ਗਈ ਸੀ। ਇਸੇ ਘਾਟ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਮਨਜ਼ੂਰੀ ਦੇ ਕੇ ਇਨ੍ਹਾਂ ਮਜ਼ਦੂਰਾਂ ਨੂੰ ਲੈ ਕੇ ਆਉਣ ਦੀ ਖੁੱਲ੍ਹ ਦਿੱਤੀ ਹੋਈ ਹੈ।