ਫਤਿਹਗੜ੍ਹ ਸਾਹਿਬ: ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਅਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਪ੍ਰਧਾਨ ਹਰਸੁਖਿੰਦਰ ਸਿੰਘ ਬੱਬੀ ਬਾਦਲ ਵੱਲੋਂ ਪਾਰਟੀ ਵਿੱਚ ਵਿਸਥਾਰ ਕਰਦਿਆਂ ਹੋਇਆਂ ਜਗਜੀਵਨ ਸਿੰਘ ਹਿੰਮਤਪੁਰਾ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਯੂਥ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਟਕਸਾਲੀ ਤੇ ਸੀਨੀਅਰ ਮੀਤ ਪ੍ਰਧਾਨ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਹਮਖਿਆਲੀ ਪੰਥਕ ਜਥੇਬੰਦੀਆਂ ਤੇ ਪਾਰਟੀਆਂ ਨਾਲ ਸੰਪਰਕ ਕਰਕੇ ਜਲਦ ਹੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਚੋਣਾਂ ਕਰਵਾਉਣ ਦੀ ਅਪੀਲ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾਂ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਪਾਰਟੀ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮਿਹਨਤੀ ਅਤੇ ਟਕਸਾਲੀ ਪਰਿਵਾਰਾਂ ਨੂੰ ਹੀ ਨੁਮਾਇੰਦਗੀਆਂ ਦੇ ਕੇ ਅੱਗੇ ਲਿਆਂਦਾ ਜਾਵੇਗਾ।
ਕੈਪਟਨ ਸਰਕਾਰ ਨੂੰ ਕੜ੍ਹੜੇ ਹੱਥੀਂ ਲੈਂਦਿਆਂ ਕਿਹਾ ਕਿ ਕੈਪਟਨ ਪੰਜਾਬ ਵਿੱਚ ਨਿਰਪੱਖ ਸ਼ਾਸਨ ਦੇਣ ਵਿੱਚ ਬੁਰੀ ਤਰ੍ਹਾਂ ਫੇਂਲ ਸਾਬਤ ਹੋਈ ਹੈ, ਅਤੇ ਸਾਰੇ ਪਾਸੇ ਮਹਿੰਗਾਈ ਅਤੇ ਬੇਰੁਜ਼ਗਾਰੀ ਦਾ ਬੋਲਬਾਲਾ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਰਾਜ ਨੂੰ ਸਵੱਛ ਪ੍ਰਸ਼ਾਸਨ ਦੇਣ ਵਿੱਚ ਮੁਕੰਮਲ ਫੇਂਲ ਸਾਬਤ ਹੋਈ ਹੈ ਤੇ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਸਰਕਾਰ ਦਾ ਰਾਜ ਪ੍ਰਬੰਧ ਚਲਾ ਰਹੇ ਹਨ।
ਉਨ੍ਹਾਂ ਨਾਲ ਹੀ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਜਨਤਾ ਨਾਲ ਵਾਅਦਿਆਂ ਵਿੱਚੋਂ ਕਿਸੇ ਇੱਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਰਾਜ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਨੌਜਵਾਨ ਨੌਕਰੀਆਂ ਭਾਲ ਰਹੇ ਹਨ, ਨੌਜਵਾਨ ਮੋਬਾਈਲਾਂ ਦੀ ਉਡੀਕ ਕਰ ਰਹੇ ਹਨ ਤੇ ਅਜਿਹੇ ਕਈ ਸਵਾਲ ਹਨ ਜਿਨ੍ਹਾਂ ਦਾ ਸਰਕਾਰ ਕੋਲ ਦੇਣ ਲਈ ਜਵਾਬ ਨਹੀਂ ਹੈ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਬੜੀ ਦੁਖਦਾਈ ਦੀ ਗੱਲ ਹੈ ਕਿ ਅੱਜ ਪੰਜਾਬ ਵਿੱਚ ਡਰੱਗ ਦਾ ਬੋਲਬਾਲਾ ਇੰਨਾ ਵੱਧ ਗਿਆ ਹੈ ਕਿ ਅੱਜ ਕੁਇੰਟਲਾਂ ਵਿੱਚ ਵਿਕ ਰਿਹਾ ਹੈ ਤੇ ਜਿੱਥੇ ਕਿਤੇ ਵੀ ਡਰੱਗ ਫੜਿਆ ਜਾਂਦਾ ਹੈ ਉਸ ਵਿੱਚ ਪੁਲਿਸ ਦਾ ਹੱਥ ਜ਼ਰੂਰ ਸਾਹਮਣੇ ਆਉਂਦਾ ਹੈ।