ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਤਰਖਾਣ ਮਾਜਰਾ ਦੇ ਗੁਰਦੁਆਰਾ ਸਾਹਿਬ ਵਿੱਚ 12 ਅਕਤੂਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਲੈ ਕੇ ਪਸ਼ਚਾਤਾਪ ਕਰ ਕੇ ਪਾਠਾਂ ਦੇ ਭੋਗ ਪਾਏ ਗਏ, ਜਿਸ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸੰਗਤ ਨੇ ਹਾਜ਼ਰੀ ਲਗਵਾਈ।
ਜ਼ਿਕਰਯੋਗ ਹੈ ਕਿ ਫ਼ਤਿਹਗੜ੍ਹ ਸਾਹਿਬ ਦੇ ਦੋ ਪਿੰਡਾਂ ਵਿੱਚ 12 ਅਕਤੂਬਰ ਵਾਲੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ, ਜਿਸ ਵਿੱਚ ਸਿੱਖ ਸੰਗਤ ਦੇ ਰੋਸ ਵੱਜੋਂ ਪੁਲਿਸ ਨੇ ਕਥਿਤ ਦੋਸ਼ੀ ਨੂੰ ਕਾਬੂ ਕੀਤਾ ਸੀ।
ਬੇਅਦਬੀ ਦੀ ਘਟਨਾ: ਪਿੰਡ ਤਰਖਾਣ ਮਾਜਰਾ ਦੇ ਗੁਰਦੁਆਰਾ ਸਾਹਿਬ 'ਚ ਪਸ਼ਚਾਤਾਪ ਕਰ ਪਾਠਾਂ ਦੇ ਪਾਏ ਭੋਗ ਬੁੱਧਵਾਰ ਨੂੰ ਬੇਅਦਬੀ ਦੀ ਘਟਨਾ ਨੂੰ ਲੈ ਕੇ ਪਾਏ ਗਏ ਪਾਠਾਂ ਦੇ ਭੋਗ ਉਪਰੰਤ ਗੱਲਬਾਤ ਕਰਦਿਆਂ ਵਿਸ਼ੇਸ਼ ਤੌਰ 'ਤੇ ਪੁੱਜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਹ ਬੇਅਦਬੀ ਦੀ ਘਟਨਾ ਇੱਕ ਸਾਜਿਸ਼ ਹੈ, ਕਿਉਂਕਿ ਪੰਜਾਬ ਵਿੱਚ ਜਿਥੇ ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ, ਉਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪਾਂ ਕਾਰਨ ਵੀ ਸੰਗਤਾਂ ਵਿੱਚ ਰੋਸ ਹੈ। ਇਨ੍ਹਾਂ ਦੋਵਾਂ ਘਟਨਾਵਾਂ ਤੋਂ ਧਿਆਨ ਹਟਾਉਣ ਲਈ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਐਸਜੀਪੀਸੀ ਵਿੱਚ ਵਿਰੋਧੀ ਧਿਰ ਦੇ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ 12 ਅਕਤੂਬਰ ਨੂੰ ਜੋ ਫ਼ਤਿਹਗੜ੍ਹ ਸਾਹਿਬ ਦੇ ਵਿੱਚ ਦੋ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ, ਬਹੁਤ ਹੀ ਮੰਦਭਾਗੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਮਾਮਲੇ ਵਿੱਚ ਸੁਹਿਰਦ ਹੋਵੇ ਅਤੇ ਉਕਤ ਦੋਸ਼ੀ ਤੋਂ ਪਤਾ ਲਗਾਇਆ ਜਾਵੇ ਕਿ ਉਸ ਨੇ ਇਹ ਘਿਨੌਣੀ ਹਰਕਤ ਕਿਸ ਦੇ ਕਹਿਣ 'ਤੇ ਅਤੇ ਕਿਉਂ ਕੀਤੀ? ਜੇਕਰ ਪੁਲਿਸ ਇਹ ਨਹੀਂ ਪਤਾ ਕਰਦੀ ਤਾਂ ਪੰਜਾਬ ਵਿੱਚ ਮਾਹੌਲ ਖ਼ਰਾਬ ਹੋ ਸਕਦਾ ਹੈ, ਜਿਸ ਦੀ ਜ਼ਿੰਮੇਵਾਰ ਸਰਕਾਰ ਦੀ ਹੋਵੇਗੀ ਕਿਉਂਕਿ ਹਰ ਵਾਰੀ ਇਹ ਹੀ ਕਿਹਾ ਜਾਂਦਾ ਹੈ ਕਿ ਬੇਅਦਬੀ ਕਰਨ ਵਾਲਾ ਨਸ਼ਾ ਕਰਦਾ ਹੈ ਜਾਂ ਉਸ ਦਾ ਦਿਮਾਗ ਠੀਕ ਨਹੀਂ ਹੈ।