ਫ਼ਤਹਿਗੜ੍ਹ ਸਾਹਿਬ: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਕਲੌਂਦੀ ਅਤੇ ਹੁਸੈਨਪੁਰਾ ਦੇ ਗੁਰੂ ਘਰ ਵਿੱਚ ਇਕ ਵਿਅਕਤੀ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਪਿੰਡ ਵਾਸੀਆਂ ਨੇ ਮੌਕੇ ਉੱਤੇ ਫੜ ਲਿਆ ਹੈ। ਇਸ ਤੋਂ ਬਾਅਦ ਮੁਲਜ਼ਮ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ। ਇਸ ਨੂੰ ਫੜਨ ਤੋਂ ਬਾਅਦ ਇਕ ਵੀਡੀਓ ਵੀ ਬਣਾਈ ਗਈ। ਉਥੇ ਹੀ ਡੀਐਸਪੀ ਬੱਸੀ ਪਠਾਣਾ ਨੇ ਕਿਹਾ ਕਿ ਉਕਤ ਵਿਅਕਤੀ ਨੂੰ ਫੜਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਆਇਆ ਕਾਬੂ :ਇਸ ਸਬੰਧੀ ਥਾਣਾ ਬੱਸੀ ਥਾਣਾ ਵਿਖੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਪਹਿਲਾਂ ਪਿੰਡ ਕਲੌਂਦੀ ਵਿਖੇ ਗੁਰੂ ਘਰ ਦੇ ਸਾਹਮਣੇ ਖੜ੍ਹ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਨੇ ਗੁਰੂ ਘਰ ਵਿੱਚ ਲੱਗੇ ਲਾਕ ਨੂੰ ਖੋਲਣ ਦੀ ਗੱਲ ਆਖੀ ਗਈ। ਜਦੋਂ ਪਿੰਡ ਵਾਸੀ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਇਹ ਉਕਤ ਵਿਅਕਤੀ ਉਥੋਂ ਚਲਾ ਗਿਆ ਅਤੇ ਪਿੰਡ ਹੁਸੈਨਪੁਰਾ ਪਹੁੰਚ ਕੇ ਇਸ ਨੇ ਪਿੰਡ ਗੁਰੂ ਘਰ ਵਿੱਚ ਲੱਗੇ ਤਾਲੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਜਿਸਨੂੰ ਪਿੰਡ ਵਾਸੀਆਂ ਵੱਲੋਂ ਪੂਰੀ ਮੁਸ਼ਤੈਦੀ ਨਾਲ ਕਾਬੂ ਕਰਕੇ ਥਾਣਾ ਬੱਸੀ ਪਠਾਣਾ ਵਿਖੇ ਲਿਆਂਦਾ ਗਿਆ ਅਤੇ ਉਸਦੇ ਖਿਲਾਫ ਗੁਰੂ ਘਰ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।