ਸ੍ਰੀ ਫ਼ਤਿਹਗੜ੍ਹ ਸਾਹਿਬ:ਯੂਕਰੇਨ (Ukraine) ਵਿੱਚ ਫਸੀ ਅਮਲੋਹ ਦੀ ਧੀ ਸ਼ਰੂਤੀ ਲੁਟਾਵਾ ਆਖਿਰ ਵਾਪਸ ਆਪਣੇ ਘਰ ਪਹੁੰਚ ਗਈ ਹੈ। ਜਿਸ ਦਾ ਵਾਪਸ ਆਉਣ ‘ਤੇ ਪਰਿਵਾਰ, ਸ਼ਹਿਰ ਨਿਵਾਸੀਆਂ ਅਤੇ ਹਲਕਾ ਅਮਲੋਹ ਤੋਂ ਭਾਜਪਾ ਦੇ ਉਮੀਦਵਾਰ (BJP candidate from Halqa Amloh) ਕੰਵਰਵੀਰ ਸਿੰਘ ਟੋਹੜਾ ਦੇ ਵੱਲੋਂ ਸਵਾਗਤ ਕੀਤਾ ਗਿਆ, ਇਸ ਮੌਕੇ ਯੂਕਰੇਨ ਤੋਂ ਪਰਤੀ ਸ਼ਰੂਤੀ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਜਤਨਾਂ ਦੇ ਚਲਦੇ ਹੀ ਉਹ ਸੁਰੱਖਿਅਤ ਆਪਣੇ ਘਰ ਪਹੁੰਚ ਪਾਈ ਹਾਂ।
ਸ਼ਰੂਤੀ ਨੇ ਕਿਹਾ ਕਿ ਉਸ ਦੇ ਆਉਣ, ਰਹਿਣ ਅਤੇ ਖਾਣ-ਪੀਣ ਦਾ ਸਾਰਾ ਖ਼ਰਚ ਭਾਰਤ ਸਰਕਾਰ (Government of India) ਦੇ ਵੱਲੋਂ ਕੀਤਾ ਗਿਆ ਹੈ। ਸ਼ਰੂਤੀ ਨੇ ਦੱਸਿਆ ਕਿ ਉਹ 2019 ਵਿੱਚ ਪੜਾਈ ਕਰਨ ਲਈ ਯੂਕਰੇਨ ਦੇ ਖਾਰਕੀਵ ਵਿੱਚ ਗਈ ਸੀ, ਪਰ ਲੜਾਈ ਲੱਗਣ ਦੇ ਬਾਅਦ ਉਹ ਉੱਥੇ ਹੀ ਫਸ ਗਈ ਸੀ, ਜਿਸ ਨੂੰ ਭਾਰਤ ਸਰਕਾਰ ਦੇ ਵੱਲੋਂ ਸੁਰੱਖਿਅਤ ਵਾਪਸ ਭਾਰਤ ਲਿਆਇਆ ਗਿਆ ਹੈ।
ਸ਼ਰੂਤੀ ਨੇ ਆਪ ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਦੇ ਨਾਲ ਉੱਥੇ ਕੁਲ 5 ਬੱਚੇ ਸਨ, ਜਿਨ੍ਹਾਂ ਵਿੱਚ ਇੱਕ ਕੁੜੀ ਅੰਮ੍ਰਿਤਸਰ ਤੋਂ ਸੀ, ਦੋ ਰਾਜਸਥਾਨ ਅਤੇ ਇੱਕ ਹਰਿਆਣੇ ਦੇ ਕੁਰੂਕਸ਼ੇਤਰ ਦੀ ਰਹਿਣ ਵਾਲੀ ਸੀ। ਸ਼ਰੂਤੀ ਨੇ ਦੱਸਿਆ ਕਿ ਯੂਕਰੇਨ ਵਿੱਚ ਉਨ੍ਹਾਂ ਦੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਖਿਆਲ ਆਉਂਦੇ ਸਨ ਅਤੇ ਪਰਿਵਾਰ ਦੀ ਚਿੰਤਾ ਸਤਾਉਂਦੀ ਸੀ ਕਿ ਜੇਕਰ ਉਸ ਨੂੰ ਕੁੱਝ ਹੋ ਗਿਆ ਤਾਂ ਪਰਿਵਾਰ ਦਾ ਕੀ ਹੋਵੇਗਾ, ਪਰ ਭਾਰਤ ਸਰਕਾਰ ਦੇ ਉਪਰਾਲੇ ਸਦਕਾ ਅਸੀਂ ਸਾਰੇ ਸਹੀ ਸਲਾਮਤ ਘਰ ਪਹੁੰਚ ਗਏ ਹਨ।