ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੜਕ ਸਬੰਧੀ ਜਾਣਕਾਰੀ ਦਿੰਦੇ ਹੋਏ। ਸ਼੍ਰੀ ਫ਼ਤਹਿਗੜ੍ਹ ਸਾਹਿਬ :ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਅੱਜ ਹਲਕਾ ਅਮਲੋਹ ਦੇ ਇੰਚਾਰਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਮੰਡੀ ਗੋਬਿੰਦਗੜ੍ਹ-ਅਮਲੋਹ ਦੀ ਰੋਡ ਨੂੰ ਜਲਦ ਬਣਾਉਣ ਲਈ ਅਮਲੋਹ ਦੇ ਐੱਸਡੀਐੱਮ ਗੁਰਵਿੰਦਰ ਸਿੰਘ ਜੌਹਲ ਨੂੰ ਮੰਗ ਪੱਤਰ ਦਿੱਤਾ ਗਿਆ।
ਸੜਕ ਵਿੱਚ ਪਏ ਵੱਡੇ ਟੋਏ : ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ-ਅਮਲੋਹ ਰੋਡ ਜਿਸ ਵਿੱਚ ਵੱਡੇ-ਵੱਡੇ ਡੂੰਘੇ ਟੋਏ ਲੰਬੇ ਸਮੇਂ ਤੋਂ ਪਏ ਹੋਏ ਹਨ। ਇਹ ਸੜਕ ਉੱਪਰੋਂ ਵੱਡੀ ਗਿਣਤੀ ਵਿੱਚ ਜਿੱਥੇ ਵਾਹਨ ਹਰ ਰੋਜ਼ ਗੁਜ਼ਰਦੇ ਹਨ, ਉਥੇ ਇੰਡਸਟਰੀ ਦੇ ਟਰੱਕਾਂ ਦੀ ਵੀ ਇਸ ਰੋਡ ਉੱਤੇ ਵੱਡੀ ਗਿਣਤੀ ਵਿੱਚ ਆਵਾਜਾਈ ਰਹਿੰਦੀ ਹੈ। ਸੜਕ ਦੀ ਮਾੜੀ ਹਾਲਤ ਕਾਰਨ ਜਿਥੇ ਮਸ਼ੀਨਰੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਉਥੇ ਹੀ ਇਸ ਸੜਕ ਕਾਰਨ ਰਾਹਗੀਰਾਂ ਦੀਆਂ ਮੌਤਾਂ ਵੀ ਵੱਡੇ ਪੱਧਰ ਉੱਤੇ ਹੋ ਰਹੀਆਂ ਹਨ।
ਰਾਜੂ ਖੰਨਾ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਇੰਡਸਟਰੀ ਵੱਲੋਂ ਭਾਵੇਂ ਪੰਜਾਬ ਸਰਕਾਰ ਨੂੰ ਜੀਐੱਸਟੀ ਦੇ ਰੂਪ ਵਿੱਚ ਕਰੋੜਾਂ ਰੁਪਏ ਦਿੱਤਾ ਜਾ ਰਿਹਾ ਹੈ ਪਰ ਉਦਯੋਗਪਤੀਆਂ ਨੂੰ ਕੋਈ ਸਹੂਲਤ ਦੇਣ ਦੀ ਥਾਂ ਇਹਨਾਂ ਸੜਕਾਂ ਦੇ ਟੋਇਆਂ ਨੂੰ ਵੀ ਪੂਰਿਆ ਨਹੀਂ ਜਾ ਰਿਹਾ। ਰਾਜੂ ਖੰਨਾ ਨੇ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੰਡੀ ਗੋਬਿੰਦਗੜ੍ਹ - ਅਮਲੋਹ ਦੀ ਰੋਡ ਨੂੰ ਜਲਦ ਨਾ ਬਣਾਇਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਸੜਕ ਨੂੰ ਬਣਵਾਉਣ ਲਈ ਵੱਡਾ ਸਘੰਰਸ਼ ਕਰੇਗਾ। ਉੱਥੇ ਹੀ ਇਸ ਮੌਕੇ ਲੋਕਾਂ ਦੇ ਨਾਲੋਂ ਵੱਡੇ ਵੱਡੇ ਵਾਅਦੇ ਕਰ ਰਹੇ ਹਨ ਪਰ ਪੂਰੇ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਨਹੀਂ ਤਾਂ ਉਹਨਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਉਥੇ ਹੀ, ਇਸ ਮੌਕੇ ਐੱਸਡੀਐੱਮ ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਅਮਲੋਹ ਨਾਭਾ ਰੋਡ ਦਾ ਮਾਮਲਾ ਸਰਕਾਰ ਦੇ ਧਿਆਨ ਵਿੱਚ ਹੈ, ਜਿਸਨੂੰ ਜਲਦ ਹੀ ਠੀਕ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਉਥੇ ਹੀ ਉਹਨਾਂ ਨੇ ਕਿਹਾ ਕਿ ਹੜ੍ਹ ਨਾਲ ਖਰਾਬ ਹੋਈ ਫਸਲਾਂ ਦੀ ਗਿਰਦਾਵਰੀ ਕਰਵਾਈ ਜਾ ਰਹੀ ਹੈ।