ਹਾਈਕੋਰਟ ਦੇ ਹੁਕਮਾਂ ਮੁਤਾਬਿਕ ਪੋਸਟਮਾਰਟਮ ਸ੍ਰੀ ਫਤਹਿਗੜ੍ਹ ਸਾਹਿਬ:ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਸਦੇ ਭਰਾ ਦਵਿੰਦਰ ਭੋਲਾ ਦਾ ਜ਼ੀਮੀਨੀ ਵਿਵਾਦ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਆਪਸੀ ਝਗੜਾ ਚਲਦਾ ਆ ਰਿਹਾ ਸੀ ਜੋ ਕਿ ਕਾਫੀ ਸੋਸ਼ਲ ਮੀਡੀਆ ਉੱਤੇ ਸਰਗਰਮ ਵੀ ਰਿਹਾ। 23 ਦਸੰਬਰ ਨੂੰ ਇਹਨਾਂ ਦੋਨਾਂ ਭਰਾਵਾਂ ਦੇ ਝਗੜੇ ਦੌਰਾਨ ਦਵਿੰਦਰ ਭੋਲਾ ਦੀ ਪਤਨੀ ਅਮਰਜੀਤ ਕੌਰ ਦੀ ਮੌਤ ਹੋ ਗਈ। ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਭੋਲਾ ਨੇ ਆਪਣੀ ਪਤਨੀ ਦਾ ਸੰਸਕਾਰ ਤੱਕ ਨਹੀਂ ਕੀਤਾ ਅਤੇ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਕੀਤੀ।
ਡਾਕਟਰਾਂ ਦੀ ਟੀਮ ਦਾ ਗਠਨ:ਇਸ ਦੌਰਾਨ ਦਵਿੰਦਰ ਭੋਲਾ ਨੇ ਆਪਣੀ ਪਤਨੀ ਦੀ ਮੌਤ ਦਾ ਜ਼ਿੰਮੇਵਾਰ ਕਥਿਤ ਤੌਰ ਉੱਤੇ ਆਪਣੇ ਗਾਇਕ ਭਰਾ ਸਤਵਿੰਦਰ ਬੁੱਗਾ ਨੂੰ ਦੱਸਿਆ। ਇਸ ਦੌਰਾਨ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਹਰਿਆਣਾ ਹਾਈਕੋਰਟ ਨੇ ਅਮਰਜੀਤ ਕੌਰ ਦੀ ਲਾਸ਼ ਦਾ ਪੋਸਟਮਾਰਟਮ ਇੱਕ 5 ਮੈਂਬਰੀ ਡਾਕਟਰਾਂ ਦੀ ਟੀਮ ਦਾ ਗਠਨ ਕਰਕੇ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ। ਇਸ ਤੋਂ ਬਾਅਦ ਸ੍ਰੀ ਫ਼ਤਹਿਗੜ੍ਹ ਸਾਹਿਬ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ ਹੈ। ਦੱਸ ਦਈਏ ਕਿ ਲਗਭਗ 14 ਦਿਨਾਂ ਬਾਅਦ ਅਮਰਜੀਤ ਕੌਰ ਦਾ ਪੋਸਟਮਾਰਟਮ ਹੋ ਰਿਹਾ ਹੈ ਅਤੇ ਪੋਸਟਮਾਰਟਮ ਹੋਣ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਸ ਮੌਕੇ ਗੱਲਬਾਤ ਕਰਦੇ ਹੋਏ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਭੋਲਾ ਨੇ ਕਿਹਾ ਕੀ ਜ਼ਮੀਨੀ ਵਿਵਾਦ ਨੂੰ ਲੈ ਕੇ ਉਹਨਾਂ ਦੇ ਵਿਚਕਾਰ ਝਗੜਾ ਹੋ ਗਿਆ ਸੀ। ਉਹਨਾਂ ਵੱਲੋਂ ਕਿਹਾ ਗਿਆ ਕਿ ਬੁੱਗਾ ਵੱਲੋਂ ਉਹਨਾਂ ਦੀ ਪਤਨੀ ਨੂੰ ਮਾਰਿਆ ਗਿਆ ਹੈ ਪਰ ਪੁਲਿਸ ਵੱਲੋਂ ਬੁੱਗਾ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਬਾਅਦ ਉਹਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਹੁਣ ਹਾਈਕੋਰਟ ਦੇ ਹੁਕਮਾਂ ਪੋਸਟਮਾਰਟਮ ਕਰਵਾਇਆ ਗਿਆ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨਸਾਫ ਦੇ ਲਈ ਉਹਨਾਂ ਦਾ ਸਾਥ ਜ਼ਰੂਰ ਦਿੱਤਾ ਜਾਵੇ।
ਜਾਂਚ ਟੀਮ ਨੂੰ ਸੌਂਪੀ ਜਾਵੇਗੀ ਰਿਪੋਰਟ:ਇਸ ਮਾਮਲੇ ਸਬੰਧੀ ਬੋਲਦਿਆਂ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਪੰਜ ਮੈਂਬਰੀ ਡਾਕਟਰਾਂ ਦੀ ਟੀਮ ਨੇ ਪੋਸਟਮਾਰਟਮ ਕੀਤਾ ਹੈ । ਇਹ ਪੋਸਟਮਾਰਟਮ ਦੀ ਹੁਕਮਾਂ ਮੁਤਾਬਿਕ ਵੀਡੀਓ ਗ੍ਰਾਫੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਜਾਂਚ ਟੀਮ ਨੂੰ ਸੌਂਪੀ ਜਾਵੇਗ। ਇਸ ਦੌਰਾਨ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਦਵਿੰਦਰ ਸਿੰਘ ਭੋਲਾ ਦੀ ਪਤਨੀ ਦਾ ਹਾਈਕੋਰਟ ਦੇ ਅਦੇਸ਼ਾ ਅਨੁਸਾਰ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।